ਜੈਪੁਰ ਦੇ ਆਦਰਸ਼ ਨਗਰ ਥਾਣੇ ਅਧੀਨ ਪੈਂਦੇ ਇਲਾਕੇ ਵਿੱਚ ਨਾਬਾਲਗ ਡਰਾਈਵਰ ਨੇ ਤੇਜ਼ ਰਫਤਾਰ ਗੱਡੀ ਸਿੱਖਾਂ ਵੱਲੋਂ ਕੀਤੇ ਜਾ ਰਹੇ ਨਗਰ ਕੀਰਤਨ ’ਚ ਸ਼ਾਮਲ ਸੰਗਤ ’ਤੇ ਚੜ੍ਹਾ ਦਿੱਤੀ। ਇਸ ਹਾਦਸੇ ’ਚ ਇਕ ਔਰਤ ਅਤੇ ਲੜਕੀ ਸਮੇਤ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਇਸ ਘਟਨਾ ਕਾਰਨ ਗੁੱਸੇ ’ਚ ਆਈ ਭੀੜ ਨੇ ਗੱਡੀ ’ਤੇ ਹਮਲਾ ਕਰ ਕੇ ਇਸ ਦੀ ਭੰਨਤੋੜ ਕੀਤੀ।ਪੁਲੀਸ ਨੇ ਮੁਲਜ਼ਮ ਡਰਾਈਵਰ ਨੂੰ ਹਿਰਾਸਤ ’ਚ ਲੈ ਲਿਆ ਹੈ, ਜਦਕਿ ਉਸ ਵਿੱਚ ਸਵਾਰ ਚਾਰ ਹੋਰ ਨੌਜਵਾਨ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਗੱਡੀ ਦੀ ਵਿੰਡਸ਼ੀਲਡ ’ਤੇ ਵਿਧਾਇਕ ਦਾ ਸਟਿੱਕਰ ਲੱਗਾ ਹੋਇਆ ਸੀ। ਤੇਜ਼ ਰਫ਼ਤਾਰ ਵਾਹਨ ਚਲਾਉਣ ਲਈ ਛੇ ਚਲਾਨ ਕੀਤੇ ਗਏ ਹਨ। ਪੁਲੀਸ ਦੇ ਸਹਾਇਕ ਡਿਪਟੀ ਕਮਿਸ਼ਨਰ ਲਕਸ਼ਮੀ ਸੁਥਾਰ ਨੇ ਦੱਸਿਆ ਕਿ ਇਹ ਘਟਨਾ ਰਾਜਪਾਰਕ ਦੇ ਪੰਚਵਟੀ ਸਰਕਲ ਨੇੜੇ ਉਸ ਵੇਲੇ ਵਾਪਰੀ ਜਦੋਂ ਪੁਲੀਸ ਮੁਲਾਜ਼ਮਾਂ ਨੇ ਤੇਜ਼ ਰਫ਼ਤਾਰ ਵਾਹਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਨਾਬਾਲਗ ਡਰਾਈਵਰ ਨੇ ਰੁਕਣ ਦੀ ਥਾਂ ਰਫ਼ਤਾਰ ਤੇਜ਼ ਕਰ ਕੇ ਗੱਡੀ ਅੱਗੇ ਜਾ ਰਹੇ ਨਗਰ ਕੀਰਤਨ ’ਚ ਸ਼ਾਮਲ ਸੰਗਤ ’ਤੇ ਚੜ੍ਹਾ ਦਿੱਤੀ। ਇਸ ਸਬੰਧੀ ਆਦਰਸ਼ ਨਗਰ ਥਾਣੇ ਦੀ ਪੁਲੀਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।