ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸੂਬੇ ਦੇ ਚੰਬਾ ਜ਼ਿਲ੍ਹੇ ’ਚ ਇਕ ਪ੍ਰਵਾਸੀ ਭਾਰਤੀ ਜੋੜੇ ’ਤੇ ਹੋਏ ਕਥਿਤ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਮਾਮਲੇ ਦੀ ਵਿਸਥਾਰਤ ਜਾਂਚ ਦੇ ਹੁਕਮ ਦਿਤੇ ਹਨ। ਚੰਬਾ ਜ਼ਿਲ੍ਹੇ ਦੇ ਡਲਹੌਜ਼ੀ ਕਸਬੇ ’ਚ ਪਾਰਕਿੰਗ ਨੂੰ ਲੈ ਕੇ ਕੁੱਝ ਲੋਕਾਂ ਵਲੋਂ ਉਸ ਦੀ ਕੁੱਟਮਾਰ ਕਰਨ ਦੇ ਦੋਸ਼ ’ਚ ਪੰਜਾਬ ਮੂਲ ਦੇ ਪ੍ਰਵਾਸੀ ਭਾਰਤੀ (ਐਨ.ਆਰ.ਆਈ.) ’ਤੇ ਕਥਿਤ ਹਮਲੇ ਦੇ ਸਬੰਧ ’ਚ ਪੰਜਾਬ ਪੁਲਿਸ ਨੇ ਐਤਵਾਰ ਨੂੰ ਜ਼ੀਰੋ ਐਫ.ਆਈ.ਆਰ. ਦਰਜ ਕੀਤੀ ਹੈ।
ਸੋਮਵਾਰ ਨੂੰ ਹਿਮਾਚਲ ਪ੍ਰਦੇਸ਼ ਸਰਕਾਰ ਨੇ ਇਕ ਬਿਆਨ ਵਿਚ ਕਿਹਾ ਕਿ ਸੁੱਖੂ ਨੇ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਵਿਸਥਾਰਤ ਜਾਂਚ ਕਰਨ ਦੇ ਹੁਕਮ ਦਿਤੇ। ਉਨ੍ਹਾਂ ਨੇ ਹਮਲਾਵਰਾਂ ਨੂੰ ਸਖਤ ਕਾਰਵਾਈ ਦਾ ਸਾਹਮਣਾ ਕਰਨ ਦੇ ਵੀ ਹੁਕਮ ਦਿਤੇ।
ਅੰਮ੍ਰਿਤਸਰ ਦੇ ਇਕ ਹਸਪਤਾਲ ’ਚ ਜ਼ੇਰੇ ਇਲਾਜ ਕੰਵਲਜੀਤ ਸਿੰਘ ਨੇ ਦਾਅਵਾ ਕੀਤਾ ਕਿ 11 ਜੂਨ ਦੇ ਹਮਲੇ ਦੌਰਾਨ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਹ ਪੰਜਾਬੀ ਸੀ।ਸੂਬੇ ਦੇ ਪੁਲਿਸ ਹੈੱਡਕੁਆਰਟਰ ਵਲੋਂ ਜਾਰੀ ਬਿਆਨ ਅਨੁਸਾਰ ਕੰਵਲਜੀਤ ਸਿੰਘ, ਉਸ ਦੀ ਸਪੇਨ ਦੀ ਪਤਨੀ ਅਤੇ ਉਸ ਦੇ ਭਰਾ ਜੀਵਨਜੀਤ ਸਿੰਘ ਖੱਜਰ ਗਏ ਸਨ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕੰਵਲਜੀਤ ਸਿੰਘ ਅਤੇ ਉਸ ਦਾ ਭਰਾ ਔਰਤ ਸੈਲਾਨੀਆਂ ਅਤੇ ਸਥਾਨਕ ਲੋਕਾਂ ਦੀਆਂ ਹਥੇਲੀਆਂ ਪੜ੍ਹਨ ਦੇ ਬਹਾਨੇ ਉਨ੍ਹਾਂ ਦਾ ਹੱਥ ਜ਼ਬਰਦਸਤੀ ਫੜ ਰਹੇ ਸਨ।
ਇਸ ਨਾਲ ਐਨ.ਆਰ.ਆਈ. ਜੋੜੇ ਅਤੇ ਸੈਲਾਨੀਆਂ ਤੇ ਸਥਾਨਕ ਲੋਕਾਂ ਵਿਚਕਾਰ ਝਗੜਾ ਹੋ ਗਿਆ। ਪੁਲਿਸ ਨੇ ਦਖਲ ਦਿਤਾ ਅਤੇ ਕੰਵਲਜੀਤ ਸਿੰਘ, ਉਸ ਦੀ ਪਤਨੀ ਅਤੇ ਉਸ ਦੇ ਭਰਾ ਨੂੰ ਸੁਲਤਾਨਪੁਰ ਪੁਲਿਸ ਚੌਕੀ ਲਿਆਂਦਾ। ਉਨ੍ਹਾਂ ਨੇ ਇਸ ਮਾਮਲੇ ਵਿਚ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਤੋਂ ਇਨਕਾਰ ਕਰ ਦਿਤਾ ਅਤੇ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਡਾਕਟਰੀ ਜਾਂਚ ਨਹੀਂ ਕਰਵਾਈ। ਪੁਲਿਸ ਨੇ ਦਸਿਆ ਕਿ ਉਨ੍ਹਾਂ ਦਾ ਬਿਆਨ ਦਰਜ ਕੀਤਾ ਗਿਆ, ਜਿਸ ’ਚ ਉਨ੍ਹਾਂ ਨੇ ਸ਼ਿਕਾਇਤ ਦਰਜ ਕਰਨ ਤੋਂ ਸਾਫ਼ ਇਨਕਾਰ ਕਰ ਦਿਤਾ।