ਪਿਛਲੇ 5 ਸਾਲਾਂ ਚ’ ਵਿਦੇਸ਼ਾਂ ਵਿੱਚ 403 ਭਾਰਤੀ ਵਿਦਿਆਰਥੀਆਂ ਦੀ ਮੌਤ, ਸਭ ਤੋ ਵੱਧ ਮੌਤਾਂ ਕੈਨੇਡਾ ਵਿੱਚ

ਔਟਵਾ, 3 ਜਨਵਰੀ (ਰਾਜ ਗੋਗਨਾ)-ਲੱਖਾਂ ਭਾਰਤੀ ਵਿਦਿਆਰਥੀ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਪੜ੍ਹਦੇ ਹਨ ਅਤੇ ਇਨ੍ਹਾਂ ਵਿੱਚੋਂ ਕੈਨੇਡਾ ਵਿੱਚ 2018 ਤੋਂ ਬਾਅਦ ਸਭ ਤੋਂ ਵੱਧ ਭਾਰਤੀ ਵਿਦਿਆਰਥੀਆਂ ਦੀ ਮੌਤ ਹੋਈ ਹੈ। ਜਿਸ ‘ਤੇ ਜਸਟਿਨ ਟਰੂਡੋ ਦੀ ਸਰਕਾਰ ਨੇ ਵੀ ਚਿੰਤਾ ਪ੍ਰਗਟ ਕੀਤੀ ਹੈ ਅਤੇ ਕਿਹਾ ਹੈ ਕਿ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਹਾਲਤ ਸੁਧਾਰਨ ਲਈ ਕਦਮ ਚੁੱਕ ਰਹੀ ਹੈ। ਨਵੇਂ ਫੈਸਲਿਆਂ ਨੂੰ 2024-25 ਅਕਾਦਮਿਕ ਸਾਲ ਦੀ ਸ਼ੁਰੂਆਤ ਤੋਂ ਪਹਿਲਾਂ ਲਾਗੂ ਕਰਨ ਦਾ ਟੀਚਾ ਹੈ। ਇਸ ਦੇ ਲਈ ਕੈਨੇਡਾ ਦੇ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਅਤੇ ਵਿਦਿਅਕ ਅਦਾਰਿਆਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ। ਇੱਕ ਨਿਊਜ਼ ਵੈੱਬਸਾਈਟ ਦੀ ਰਿਪੋਰਟ ਅਨੁਸਾਰ ਪਿਛਲੇ ਪੰਜ ਸਾਲਾਂ ਵਿੱਚ ਵਿਦੇਸ਼ਾਂ ਵਿੱਚ 403 ਵਿਦਿਆਰਥੀਆਂ ਦੀ ਮੌਤ ਹੋਈ ਹੈ ਅਤੇ ਸਭ ਤੋਂ ਵੱਧ 91 ਭਾਰਤੀ ਵਿਦਿਆਰਥੀਆਂ ਦੀ ਕੈਨੇਡਾ ਵਿੱਚ ਮੌਤ ਹੋਈ ਹੈ। ਇਨ੍ਹਾਂ ਵਿਦਿਆਰਥੀਆਂ ਦੀ ਮੌਤ ਲਈ ਕੁਦਰਤੀ ਕਾਰਨ, ਹਾਦਸਿਆਂ ਸਮੇਤ ਕਈ ਕਾਰਨ ਜ਼ਿੰਮੇਵਾਰ ਹਨ। ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਕੈਨੇਡਾ ਤੋਂ ਬਾਅਦ ਪਿਛਲੇ ਪੰਜ ਸਾਲਾਂ ਵਿੱਚ ਬਰਤਾਨੀਆ ਵਿੱਚ 48, ਰੂਸ ਵਿੱਚ 40, ਅਮਰੀਕਾ ਵਿੱਚ 36 ਅਤੇ ਆਸਟਰੇਲੀਆ ਵਿੱਚ 35 ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ। ਵਿਦੇਸ਼ ਮੰਤਰਾਲੇ ਦੇ ਅਨੁਸਾਰ, 2018 ਤੋਂ 2022 ਦਰਮਿਆਨ 5.67 ਲੱਖ ਭਾਰਤੀ ਵਿਦਿਆਰਥੀ ਕੈਨੇਡਾ ਵਿੱਚ ਪੜ੍ਹਨ ਲਈ ਗਏ ਹਨ ਅਤੇ ਇਸੇ ਸਮੇਂ ਦੌਰਾਨ ਅਮਰੀਕਾ ਵਿੱਚ ਪੜ੍ਹਨ ਲਈ ਗਏ ਵਿਦਿਆਰਥੀਆਂ ਦੀ ਗਿਣਤੀ 6.21 ਲੱਖ ਹੈ। ਇਸ ਤਰ੍ਹਾਂ ਅਮਰੀਕਾ ਤੋਂ ਬਾਅਦ ਕੈਨੇਡਾ ਹੁਣ ਭਾਰਤੀ ਵਿਦਿਆਰਥੀਆਂ ਦੀ ਦੂਜੀ ਪਸੰਦ ਬਣ ਗਿਆ ਹੈ।

Spread the love