ਨਿਊਯਾਰਕ, 29 ਜਨਵਰੀ (ਰਾਜ ਗੋਗਨਾ )- ਬੀਤੇਂ ਦਿਨ ਅਮਰੀਕਾ ਦੇ ਸੂਬੇ ਜਾਰਜੀਆ ਚ’ ਇੱਕ ਹੈਰਾਨ ਕਰਨ ਵਾਲੀ ਦਿਲ ਕਬਾੳ ਘਟਨਾ ਸਾਹਮਣੇ ਆਈ ਹੈ। ਜਿਸ ਵਿੱਚ ਇੱਕ ਗੁਜਰਾਤੀ ਔਰਤ ਨੇ ਕਥਿਤ ਤੌਰ ‘ਤੇ ਆਪਣੇ ਦੋ ਬੱਚਿਆਂ ਨੂੰ ਮਾਰ ਕੇ ਆਪਣੀ ਜੀਵਨ ਲੀਲਾ ਵੀ ਖਤਮ ਕਰ ਲਈ ਹੈ। ਇਹ ਮਾਮਲਾ ਜਾਰਜੀਆ ਸੂਬੇ ਦੇ ਵਾਰਨਰ ਰੌਬਿਨਸ ਸ਼ਹਿਰ ਦੀ ਹੈ ਜਿੱਥੇ ਮ੍ਰਿਤਕ ਔਰਤ ਦੀ ਉਮਰ 38 ਸਾਲ ਦੇ ਕਰੀਬ ਸੀ ਜਦੋਂਕਿ ਉਸਦੇ ਦੋ ਬੱਚਿਆਂ ਵਿੱਚ ਇੱਕ 13 ਸਾਲ ਦਾ ਲੜਕੀ ਅਤੇ ਇੱਕ 9 ਸਾਲ ਦਾ ਬੇਟਾ ਸੀ। ਅਮਰੀਕੀ ਪੁਲਿਸ ਨੇ ਉਨ੍ਹਾਂ ਦੀ ਪਛਾਣ ਜਾਰੀ ਨਹੀਂ ਕੀਤੀ। ਪੁਲਸ ਨੇ ਸਿਰਫ ਇੰਨਾ ਹੀ ਕਿਹਾ ਹੈ ਕਿ ਮ੍ਰਿਤਕ ਔਰਤ ਦਾ 43 ਸਾਲਾ ਪਤੀ 20 ਜਨਵਰੀ ਨੂੰ ਸ਼ਾਮ 4 ਵਜੇ ਘਰ ਪਹੁੰਚਿਆ ਅਤੇ ਘਰ ‘ਚ ਪਈ ਆਪਣੀ ਪਤਨੀ ਅਤੇ ਦੋ ਬੱਚਿਆਂ ਦੀਆਂ ਲਾਸ਼ਾਂ ਜਦੋਂ ਦੇਖੀਆ ਉਸ ਨੇ 911 ‘ਤੇ ਪੁਲਿਸ ਨੂੰ ਕਾਲ ਕੀਤੀ। ਜਦੋਂ ਤੱਕ ਪੁਲਿਸ ਫੋਨ ਕਰਨ ਵਾਲੇ ਦੇ ਟਿਕਾਣੇ ‘ਤੇ ਪਹੁੰਚੀ, ਉਦੋਂ ਤੱਕ ਘਰ ‘ਚ ਮੌਜੂਦ ਇੱਕ ਔਰਤ ਅਤੇ ਦੋ ਬੱਚੇ ਮ੍ਰਿਤਕ ਪਾਏ ਗਏ ਸਨ। ਅਤੇ ਕਾਲਰ ਘਰ ਦੇ ਬਾਹਰ ਖੜ੍ਹਾ ਉੱਚੀ ਉੱਚੀ ਰੋ ਰਿਹਾ ਸੀ। ਪੁਲਿਸ ਨੂੰ ਇਹ ਵੀ ਸ਼ੱਕ ਹੈ ਕਿ ਮ੍ਰਿਤਕ ਔਰਤ ਨੇ ਆਪਣੀ ਜਾਨ ਲੈਣ ਤੋਂ ਪਹਿਲਾਂ ਦੋਵਾਂ ਬੱਚਿਆਂ ਦਾ ਕਤਲ ਕਰ ਦਿੱਤਾ ਹੋ ਸਕਦਾ ਹੈ। ਇਹ ਭਾਰਤੀ- ਗੁਜਰਾਤੀ ਪਰਿਵਾਰ ਇੱਕ ਆਲੀਸ਼ਾਨ ਘਰ ਵਿੱਚ ਰਹਿੰਦਾ ਸੀ ਅਤੇ ਉਨ੍ਹਾਂ ਦੀ ਆਰਥਿਕ ਹਾਲਤ ਵੀ ਬਹੁਤ ਚੰਗੀ ਸੀ। ਇਸ ਲਈ ਇਸ ਪਰਿਵਾਰ ਦੀ ਔਰਤ ਨੇ ਇਹ ਕਦਮ ਕਿਉਂ ਚੁੱਕਿਆ? ਇਸ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ ਅਤੇ ਇਸ ਬਾਰੇ ਵੱਖ-ਵੱਖ ਗੱਲਾਂ ਕਹੀਆਂ ਜਾ ਰਹੀਆਂ ਹਨ। ਹਾਲਾਂਕਿ ਪੁਲਿਸ ਇਸ ਬਾਰੇ ਕੋਈ ਵੀ ਜਾਣਕਾਰੀ ਦੇਣ ਨੂੰ ਤਿਆਰ ਨਹੀਂ ਹੈ।ਇਹ ਘਟਨਾ ਕਿਵੇਂ ਵਾਪਰੀ ਇਸ ਬਾਰੇ ਇੱਕ ਸੰਦੇਸ਼ ਅਮਰੀਕਾ ਵਿੱਚ ਰਹਿੰਦੇ ਗੁਜਰਾਤੀਆਂ ਦੇ ਵਟਸਐਪ ਗਰੁੱਪ ‘ਤੇ ਵੀ ਘੁੰਮ ਰਿਹਾ ਹੈ, ਪਰ ਪੁਲਿਸ ਨੇ ਇਸ ਬਾਰੇ ਅਧਿਕਾਰਤ ਤੌਰ ‘ਤੇ ਕੁਝ ਵੀ ਪੁਸ਼ਟੀ ਨਹੀਂ ਕੀਤੀ ਹੈ। ਕੁਝ ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਮ੍ਰਿਤਕ ਦਾ ਪਰਿਵਾਰ ਵੈਸਟ ਮੈਕੋਨ ਵਿੱਚ ਉਮਿਆਮਾਤਾਜੀ ਹਿੰਦੂ ਮੰਦਰ ਨਾਲ ਵੀ ਜੁੜਿਆ ਹੋਇਆ ਸੀ ਅਤੇ ਵਾਰਨਰ ਰੌਬਿਨਸ ਵਿੱਚ ਦੋ ਕਾਰੋਬਾਰ ਵੀ ਚਲਾਉਂਦਾ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਗੁਜਰਾਤੀ ਪਰਿਵਾਰ ਦੇ ਗੁਆਂਢੀਆਂ ਨੇ ਦੱਸਿਆ ਕਿ ਉਹ ਲੋਕ ਬਹੁਤ ਚੰਗੇ ਇਨਸਾਨ ਸਨ ਅਤੇ ਆਪਣੇ ਬੱਚਿਆਂ ਦੀ ਵੀ ਚੰਗੀ ਦੇਖਭਾਲ ਕਰਦੇ ਸਨ।ਸਥਾਨਕ ਪੁਲਿਸ ਨੇ ਵੀ ਇਸ ਬਾਰੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਕਿ ਇਸ ਘਟਨਾ ਲਈ ਕੋਈ ਪਰਿਵਾਰਕ ਝਗੜਾ ਜਾਂ ਕੋਈ ਹੋਰ ਕਾਰਨ ਜ਼ਿੰਮੇਵਾਰ ਹੈ। ਇਹ ਵੀ ਪਤਾ ਲੱਗਾ ਹੈ ਕਿ ਇਹ ਪਰਿਵਾਰ ਸਾਲਾਂ ਤੋਂ ਅਮਰੀਕਾ ਵਿੱਚ ਸੈਟਲ ਸੀ। ਅਤੇ ਮ੍ਰਿਤਕ ਔਰਤ ਦੀ ਸੱਸ ਇਸ ਸਮੇਂ ਫਲੋਰੀਡਾ ਵਿੱਚ ਰਹਿ ਰਹੀ ਹੈ ਅਤੇ ਉਨ੍ਹਾਂ ਦੇ ਦੋਵੇਂ ਬੱਚੇ ਵੀ ਅਮਰੀਕਾ ਵਿੱਚ ਹੀ ਪੈਦਾ ਹੋਏ ਹਨ। ਪਰਿਵਾਰ ਦੱਖਣੀ ਗੁਜਰਾਤ ਦਾ ਦੱਸਿਆ ਜਾਂਦਾ ਹੈ ਪਰ ਘਟਨਾ ਨੂੰ ਇੱਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਅਮਰੀਕਾ ਵਿੱਚ ਰਹਿੰਦੇ ਜ਼ਿਆਦਾਤਰ ਗੁਜਰਾਤੀਆਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਕਿਉਂਕਿ ਪੁਲਿਸ ਨੇ ਅਜੇ ਤੱਕ ਮ੍ਰਿਤਕਾਂ ਦੇ ਨਾਮ ਜਾਰੀ ਨਹੀਂ ਕੀਤੇ ਹਨ।
