ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਨੇ ਕਿਹਾ ਹੈ ਕਿ ਕੁੱਝ ਦਿਨ ਪਹਿਲਾਂ ਹਮਾਸ ਦੇ ਸਿਆਸੀ ਮੁਖੀ ਇਸਮਾਈਲ ਹਨਿਆ ਨੂੰ ਥੋੜ੍ਹੀ ਦੂਰੀ ਦੇ ਰਾਕੇਟ ਹਮਲੇ ’ਚ ਨਿਸ਼ਾਨਾ ਬਣਾਇਆ ਗਿਆ ਸੀ। ਈਰਾਨ ਨੇ ਅਮਰੀਕਾ ’ਤੇ ਇਸ ਇਜ਼ਰਾਈਲੀ ਹਮਲੇ ਦੀ ਹਮਾਇਤ ਕਰਨ ਦਾ ਦੋਸ਼ ਵੀ ਲਾਇਆ। ਸਰਕਾਰੀ ਟੀ.ਵੀ. ’ਚ ਸਨਿਚਰਵਾਰ ਨੂੰ ਆਈਆਂ ਖਬਰਾਂ ’ਚ ਇਹ ਗੱਲ ਕਹੀ ਗਈ ਹੈ। ਈਰਾਨ ਦੀ ਰਾਜਧਾਨੀ ਤਹਿਰਾਨ ’ਚ ਬੁਧਵਾਰ ਨੂੰ ਹਮਾਸ ਦੇ ਸਿਆਸੀ ਮੁਖੀ ਦੀ ਰਿਹਾਇਸ਼ ਨੂੰ ਨਿਸ਼ਾਨਾ ਬਣਾਉਣ ਲਈ ਸੱਤ ਕਿਲੋਗ੍ਰਾਮ ਗੋਲਾ-ਬਾਰੂਦ ਨਾਲ ਭਰੇ ਰਾਕੇਟ ਦੀ ਵਰਤੋਂ ਕੀਤੀ ਗਈ। ਬਿਆਨ ਮੁਤਾਬਕ ਹਮਲੇ ਨਾਲ ਭਾਰੀ ਤਬਾਹੀ ਹੋਈ ਪਰ ਟਿਕਾਣੇ ਦਾ ਵੇਰਵਾ ਸਾਂਝਾ ਨਹੀਂ ਕੀਤਾ ਗਿਆ। ਹਨਿਆ, ਈਰਾਨ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਮਸੂਦ ਪੇਜੇਸ਼ਕਿਆਨ ਦੇ ਸਹੁੰ ਚੁੱਕ ਸਮਾਰੋਹ ’ਚ ਸ਼ਾਮਲ ਹੋਣ ਲਈ ਈਰਾਨ ’ਚ ਸਨ। ਰੈਵੋਲਿਊਸ਼ਨਰੀ ਗਾਰਡ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਕਾਰਵਾਈ ਦੀ ਯੋਜਨਾ ਜ਼ਾਇਨਿਸਟ ਸ਼ਾਸਨ ਨੇ ਬਣਾਈ ਸੀ ਅਤੇ ਅਮਰੀਕਾ ਨੇ ਇਸ ਦਾ ਸਮਰਥਨ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਜਵਾਬੀ ਕਾਰਵਾਈ ਦੀ ਅਪੀਲ ਦੁਹਰਾਈ। ਉਸ ਨੇ ਕਿਹਾ, ‘‘ਜੰਗ ਭੜਕਾਉਣ ਵਾਲੇ ਅਤੇ ਅਤਿਵਾਦੀ ਜ਼ਾਇਨਿਸਟ ਸ਼ਾਸਨ ਨੂੰ ਉਚਿਤ ਸਮੇਂ ਅਤੇ ਸਥਾਨ ’ਤੇ ਸਖਤ ਸਜ਼ਾ ਮਿਲੇਗੀ।’’
ਅਮਰੀਕਾ ਦੇ ਰੱਖਿਆ ਵਿਭਾਗ ਨੇ ਮੱਧ ਪੂਰਬ ’ਚ ਵਧਦੇ ਤਣਾਅ ਦੇ ਮੱਦੇਨਜ਼ਰ ਮੱਧ ਪੂਰਬ ’ਚ ਲੜਾਕੂ ਜਹਾਜ਼ ਅਤੇ ਜਹਾਜ਼ਾਂ ਵਾਲੇ ਜੰਗੀ ਬੇੜੇ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ। ਅਮਰੀਕੀ ਰੱਖਿਆ ਮੰਤਰਾਲੇ ਦੇ ਹੈੱਡਕੁਆਰਟਰ ਪੈਂਟਾਗਨ ਨੇ ਇਹ ਜਾਣਕਾਰੀ ਦਿਤੀ ।