ਇੰਡੀਆ ਗੱਠਜੋੜ ਸਰਕਾਰ ਬਣਾਉਣ ਦਾ ਦਾਅਵਾ ਕਰੇਗਾ ਪੇਸ਼, ‘ਦੇਖੋ ਅਤੇ ਉਡੀਕ ਕਰੋ’ : ਮਮਤਾ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਵਿਰੋਧੀ ਧਿਰਾਂ ਦੇ ਇੰਡੀਆ ਗੱਠਜੋੜ ਨੇ ਭਾਵੇਂ ਅੱਜ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਨਹੀਂ ਕੀਤਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਭਲਕੇ ਅਜਿਹਾ ਨਹੀਂ ਕਰੇਗਾ। ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ‘ਦੇਖੋ ਅਤੇ ਉਡੀਕ ਕਰੋ’ ਦੀ ਸਥਿਤੀ ਵਿੱਚ ਰਹੇਗੀ ਅਤੇ ਜੇ ‘ਕਮਜ਼ੋਰ ਅਤੇ ਅਸਥਿਰ’ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਸੱਤਾ ਤੋਂ ਬਾਹਰ ਹੋ ਜਾਂਦੀ ਹੈ ਤਾਂ ਉਨ੍ਹਾਂ ਨੂੰ ਖੁਸ਼ੀ ਹੋਵੇਗੀ।ਮਮਤਾ ਨੇ ਤ੍ਰਿਣਮੂਲ ਕਾਂਗਰਸ ਦੇ ਨਵੇਂ ਚੁਣੇ ਸੰਸਦ ਮੈਂਬਰਾਂ ਦੀ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਦੇਸ਼ ਵਿੱਚ ਬਦਲਾਅ ਦੀ ਲੋੜ ਹੈ, ਦੇਸ਼ ਬਦਲਾਅ ਚਾਹੁੰਦਾ ਹੈ। ਇਹ ਫਤਵਾ ਤਬਦੀਲੀ ਲਈ ਸੀ। ਅਸੀਂ ਸਥਿਤੀ ਦੀ ਉਡੀਕ ਕਰ ਰਹੇ ਹਾਂ ਅਤੇ ਨਿਗਰਾਨੀ ਕਰ ਰਹੇ ਹਾਂ। ਇਹ ਫਤਵਾ ਨਰਿੰਦਰ ਮੋਦੀ ਖ਼ਿਲਾਫ਼ ਹੈ, ਇਸ ਲਈ ਉਨ੍ਹਾਂ ਨੂੰ ਇਸ ਵਾਰ ਪ੍ਰਧਾਨ ਮੰਤਰੀ ਨਹੀਂ ਬਣਨਾ ਚਾਹੀਦਾ ਸੀ। ਕਿਸੇ ਹੋਰ ਨੂੰ ਅਹੁਦਾ ਸੰਭਾਲਣਾ ਚਾਹੀਦਾ ਸੀ।’’ ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਨੇ ਕਿਹਾ ਕਿ ਪਾਰਟੀ ਨਵੀਂ ਸਰਕਾਰ ਨਾਲ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਨਹੀਂ ਹੋਵੇਗੀ। ਉਨ੍ਹਾਂ ਕਿਹਾ, ‘‘ਭਾਜਪਾ ਗ਼ੈਰ-ਜਮਹੂਰੀ ਅਤੇ ਗ਼ੈਰ-ਕਾਨੂੰਨੀ ਢੰਗ ਨਾਲ ਸਰਕਾਰ ਬਣਾ ਰਹੀ ਹੈ। ਅੱਜ ਭਾਵੇਂ ਇੰਡੀਆ ਗੱਠਜੋੜ ਨੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਨਾ ਕੀਤਾ ਹੋਵੇ ਪਰ ਇਸ ਦਾ ਮਤਲਬ ਇਹ ਨਹੀਂ ਕਿ ਭਲਕੇ ਉਹ ਦਾਅਵਾ ਨਹੀਂ ਕਰੇਗਾ। ਚੱਲੋ, ਕੁੱਝ ਸਮੇਂ ਤੱਕ ਉਡੀਕ ਕਰਦੇ ਹਾਂ।’’

Spread the love