ਭਾਰਤ ਤੇ ਚੀਨ ਵੱਲੋਂ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ (ਐੱਲਏਸੀ) ਦੇ ਨਾਲ ਟਕਰਾਅ ਵਾਲੇ ਦੋ ਖੇਤਰਾਂ ਵਿਚੋਂ ਫੌਜਾਂ ਪਿੱਛੇ ਹਟਾਉਣ ਦਾ ਅਮਲ ਲੰਘੇ ਦਿਨੀਂ ਪੂਰਾ ਹੋਣ ਮਗਰੋਂ ਭਾਰਤੀ ਥਲ ਸੈਨਾ ਨੇ ਅੱਜ ਤੋਂ ਡੈਮਚੌਕ ਵਿਚ ਗਸ਼ਤ ਸ਼ੁਰੂ ਕਰ ਦਿੱਤੀ ਹੈ। ਭਾਰਤੀ ਫੌਜ ਵਿਚਲੇ ਸੂਤਰਾਂ ਨੇ ਕਿਹਾ ਕਿ ਟਕਰਾਅ ਵਾਲੇ ਇਕ ਹੋਰ ਖੇਤਰ ਦੇਪਸਾਂਗ ਵਿਚ ਵੀ ਗਸ਼ਤ ਜਲਦੀ ਸ਼ੁਰੂ ਹੋ ਜਾਵੇਗੀ। ਭਾਰਤ ਤੇ ਚੀਨ ਦੇ ਸਲਾਮਤੀ ਦਸਤਿਆਂ ਨੇ ਪੂਰਬੀ ਲੱਦਾਖ ਵਿਚ ਟਕਰਾਅ ਵਾਲੇ ਦੋ ਖੇਤਰਾਂ ਡੈਮਚੌਕੇ ਤੇ ਦੇਪਸਾਂਗ ਵਿਚੋਂ ਫੌਜਾਂ ਪਿੱਛੇ ਹਟਾਉਣ ਦਾ ਅਮਲ ਪੂਰਾ ਕਰ ਲਿਆ ਹੈ ਤੇ ਜਲਦੀ ਹੀ ਇਨ੍ਹਾਂ ਚੌਕੀਆਂ ਉੱਤੇ ਗਸ਼ਤ ਸ਼ੁਰੂ ਹੋ ਜਾਵੇਗੀ। ਫੌਜ ਵਿਚਲੇ ਸੂਤਰ ਨੇ ਕਿਹਾ ਕਿ ਡੈਮਚੌਕ ਵਿਚ ਪੈਟਰੋਲਿੰਗ ਸ਼ੁਰੂ ਹੋ ਗਈ ਹੈ। ਇਸ ਤੋਂ ਪਹਿਲਾਂ ਸੂਤਰਾਂ ਨੇ ਦਾਅਵਾ ਕੀਤਾ ਸੀ ਕਿ ਟਕਰਾਅ ਵਾਲੇ ਖੇਤਰਾਂ ਤੇ ਪੈਟਰੋਲਿੰਗ ਦੀ ਸਥਿਤੀ ਅਪਰੈਲ 2020 ਤੋਂ ਪਹਿਲਾਂ ਵਾਲੀ ਹੀ ਰਹੇਗੀ। ਸੂਤਰਾਂ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਫੌਜਾਂ ਪਿੱਛੇ ਹਟਣ ਮਗਰੋਂ ਚੌਕੀਆਂ ਦੀ ਤਸਦੀਕ ਦਾ ਅਮਲ ਸ਼ੁਰੂ ਹੋ ਚੁੱਕਾ ਹੈ ਤੇ ਪੈਟਰੋਲਿੰਗ ਦੀ ਰੂਪਰੇਖਾ ਬਾਰੇ ਫੈਸਲਾ ਬ੍ਰਿਗੇਡੀਅਰ ਪੱਧਰ ਦੇ ਅਧਿਕਾਰੀ ਲੈਣਗੇ। ਉਨ੍ਹਾਂ ਦਾਅਵਾ ਕੀਤਾ ਸੀ ਕਿ ‘ਸਥਾਨਕ ਕਮਾਂਡਰ ਪੱਧਰ ਉੱਤੇ ਗੱਲਬਾਤ ਦਾ ਸਿਲਸਿਲਾ ਜਾਰੀ ਰਹੇਗਾ।’ ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ 21 ਅਕਤੂੁਬਰ ਨੂੰ ਦਿੱਲੀ ਵਿਚ ਕਿਹਾ ਸੀ ਕਿ ਪੂਰਬੀ ਲੱਦਾਖ ਵਿਚ ਐੱਲਏਸੀ ਦੇ ਨਾਲ ਟਕਰਾਅ ਵਾਲੇ ਖੇਤਰਾਂ ਵਿਚੋਂ ਫੌਜਾਂ ਪਿੱਛੇ ਹਟਾਉਣ ਸਬੰਧੀ ਦੋਵਾਂ ਧਿਰਾਂ ਵਿਚ ਸਹਿਮਤੀ ਬਣ ਗਈ ਹੈ। ਰੂਸ ਦੇ ਕਜ਼ਾਨ ਵਿਚ ਬਰਿਕਸ ਵਾਰਤਾ ਤੋਂ ਇਕਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚ ਹੋਈ ਗੱਲਬਾਤ ਦਰਮਿਆਨ ਵੀ ਦੋਵਾਂ ਧਿਰਾਂ ਨੇ ਉਪਰੋਕਤ ਸਹਿਮਤੀ ਦੀ ਤਾਈਦ ਕੀਤੀ ਸੀ।