ਟਰਾਂਟੋ ਨਗਰ ਕੀਰਤਨ ਵਿਚ ਕੈਨੇਡੀਅਨ ਲੀਡਰਸ਼ਿੱਪ ਦੀ ਸ਼ਮੂਲੀਅਤ ਤੇ ਭਾਰਤ ਦਾ ਸਖ਼ਤ ਇਤਰਾਜ਼

ਟਰਾਂਟੋ, ਉਨਟਾਰੀਓ:(ਕੁਲਤਰਨ ਸਿੰਘ ਪਧਿਆਣਾ) ਅਮਰੀਕਾ ਦੀ ਅਖਬਾਰ ਵਾਸ਼ਿੰਗਟਨ ਪੋਸਟ ਨੇ ਖਬਰ ਸਾਂਝੀ ਕਰਦਿਆਂ ਜਿੱਥੇ ਇਕ ਪਾਸੇ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਵਿਚ ਨਾਮਜ਼ਦ ਸੀਸੀ ਵੰਨ ਦਾ ਵਿਕਰਮ ਯਾਦਵ ਵਜੋਂ ਖੁਲਾਸਾ ਕੀਤਾ ਹੈ ਜੋਕਿ ਭਾਰਤੀ ਖੁਫੀਆ ਵਿਭਾਗ ਨਾਲ ਕੰਮ ਕਰ ਰਿਹਾ ਸੀ ਤੇ ਦੂਜੇ ਪਾਸੇ ਕੈਨੇਡਾ ਦੇ ਸ਼ਹਿਰ ਟਰਾਂਟੋ ਵਿਖੇ ਲੰਘੇ ਐਤਵਾਰ ਸਜਾਏ ਗਏ ਨਗਰ ਕੀਰਤਨ ਜਿੱਥੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ , ਵਿਰੋਧੀ ਧਿਰ ਆਗੂ ਪੀਅਰ ਪੋਲਿਵਰ ਅਤੇ ਜਗਮੀਤ ਸਿੰਘ ਨੇ ਸੰਬੋਧਨ ਕੀਤਾ ਹੈ ਉਪਰ ਭਾਰਤ ਸਰਕਾਰ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਭਾਰਤ ਸਰਕਾਰ ਦਾ ਇਤਰਾਜ਼ ਕੈਨੇਡੀਅਨ ਆਗੂਆ ਦੀ ਮੌਜੂਦਗੀ ਦੌਰਾਨ ਖਾਲਿਸਤਾਨ ਪੱਖੀ ਨਾਅਰੇਬਾਜ਼ੀ ਤੇ ਹੋਇਆ ਹੈ।

ਭਾਰਤ ਸਰਕਾਰ ਨੇ ਕੈਨੇਡਾ ਦੇ ਡਿਪਟੀ ਹਾਈ ਕਮਿਸ਼ਨਰ ਸਟੀਵਰਟ ਵ੍ਹੀਲਰ ਨੂੰ ਤਲਬ ਕਰਕੇ ਕਿਹਾ ਹੈ ਕਿ ਜਿਸ ਸਮਾਗਮ ਵਿਚ ਖਾਲਿਸਤਾਨ ਪੱਖੀ ਨਾਅਰੇਬਾਜੀ ਹੋ ਰਹੀ ਹੋਵੇ ਉੱਥੇ ਕੈਨੇਡੀਅਨ ਲੀਡਰਸ਼ਿੱਪ ਦਾ ਜਾਣਾ ਮੰਦਭਾਗਾ ਹੈ, ਉਨਾਂ ਦੋਸ਼ ਲਗਾਇਆ ਹੈ ਕੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਮੌਜੂਦਗੀ ਦੌਰਾਨ ਵੀ ਇਹ ਨਾਅਰੇਬਾਜ਼ੀ ਹੁੰਦੀ ਰਹੀ । ਟਰਾਂਟੋ ਨਗਰ ਕੀਰਤਨ ਦੌਰਾਨ ਦੇਸ਼ ਦੇ ਵੱਡੇ ਰਾਜਨੀਤਕ ਆਗੂ ਹਾਜਰੀ ਭਰਦੇ ਰਹੇ ਹਨ ਤੇ ਇਹ ਇੱਕ ਵੱਡੇ ਧਾਰਮਿਕ ਸਮਾਗਮ ਵਜੋ ਆਪਣੀ ਪਹਿਚਾਣ ਬਣਾ ਚੁੱਕਿਆ ਹੈ।
ਭਾਰਤ ਸਰਕਾਰ ਨੇ ਕਿਹਾ ਹੈ ਇੰਨਾ ਗਤੀਵਿਧੀਆਂ ਨਾਲ ਭਾਰਤ-ਕੈਨੇਡਾ ਦੇ ਰਿਸ਼ਤੇ ਖਰਾਬ ਤਾਂ ਹੋਣਗੇ ਹੀ ਨਾਲ ਕੈਨੇਡਾ ਵਿਚ ਹਿੰਸਾ ਨੂੰ ਹੱਲ੍ਹਾਸ਼ੇਰੀ ਵੀ ਮਿਲੇਗੀ। ਦੱਸਣਯੋਗ ਹੈ ਕਿ ਕੈਨੇਡਾ ਵਿਚ ਸਿੱਖ ਵੱਖਵਾਦੀ ਆਗੂ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਦੋਸ਼ ਕੈਨੇਡੀਅਨ ਸਰਕਾਰ ਵੱਲੋ ਭਾਰਤੀ ਏਜੰਟ ਦੇ ਉਪਰ ਲਾਏ ਗਏ ਸਨ ਤੇ ਇੰਨਾ ਦੋਸ਼ਾ ਤੋਂ ਬਾਅਦ ਕੈਨੇਡਾ ਅਤੇ ਭਾਰਤ ਦੇ ਰਿਸ਼ਤੇ ਲਗਾਤਾਰ ਖਰਾਬ ਚੱਲੇ ਆ ਰਹੇ ਹਨ।

Spread the love