ਇਜ਼ਰਾਈਲ-ਹਮਾਸ ਵਿਚਾਲੇ ਬੰਧਕ ਸਮਝੌਤਾ ਗਾਜ਼ਾ ਚ ਸਥਾਈ ਸ਼ਾਂਤੀ ਵੱਲ ਪਹਿਲਾ ਕਦਮ: ਟ੍ਰੂਡੋ
ਔਟਵਾ, ਉਨਟਾਰੀਓ: ਪ੍ਰਧਾਨ ਮੰਤਰੀ ਨੇ ਉਮੀਦ ਜਤਾਈ ਕਿ ਇਹ ਸਮਝੌਤਾ ਹੋਰ ਕੈਨੇਡੀਅਨਜ਼ ਨੂੰ ਗਾਜ਼ਾ ਛੱਡਣ ਦੀ ਇਜਾਜ਼ਤ ਦੇਵੇਗਾਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਬੁੱਧਵਾਰ ਨੂੰ ਕਿਹਾ ਕਿ ਇਜ਼ਰਾਈਲ ਅਤੇ ਹਮਾਸ ਵਿਚਕਾਰ ਯੁੱਧ ਵਿਰਾਮ ਅਤੇ ਬੰਧਕ ਸਮਝੌਤਾ ਸਥਾਈ ਸ਼ਾਂਤੀ ਲਈ ਇੱਕ ਮਹੱਤਵਪੂਰਨ ਪਹਿਲਾ ਕਦਮ ਹੈ।
ਟ੍ਰੂਡੋ ਨੇ ਜੰਗਬੰਦੀ ਸ਼ਬਦ ਦੀ ਵਰਤੋਂ ਨਹੀਂ ਕੀਤੀ ਪਰ ਉਨ੍ਹਾਂ ਨੇ ਕਿਹਾ ਕਿ ਕੈਨੇਡਾ ਨੂੰ ਉਮੀਦ ਹੈ ਕਿ ਚਾਰ ਦਿਨਾਂ ਦੇ ਵਿਰਾਮ ਲਈ ਸਮਝੌਤਾ ਆਖ਼ਰਕਾਰ ਲੜਾਈ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਵਿੱਚ ਮਦਦ ਕਰੇਗਾ।
ਉਹਨਾਂ ਨੇ ਇਹ ਉਮੀਦ ਵੀ ਜਤਾਈ ਕਿ ਇਹ ਸਮਝੌਤਾ ਹੋਰ ਕੈਨੇਡੀਅਨਜ਼ ਲਈ ਗਾਜ਼ਾ ਪੱਟੀ ਛੱਡਣ ਦਾ ਰਾਹ ਸੌਖਾ ਕਰੇਗਾ। ਛੇ ਹਫ਼ਤਿਆਂ ਦੇ ਇਜ਼ਰਾਈਲੀ ਹਵਾਈ ਹਮਲਿਆਂ ਨੇ ਫ਼ਲਸਤੀਨੀ ਖੇਤਰ ਗਾਜ਼ਾ ਦੇ ਵੱਡੇ ਹਿੱਸੇ ਨੂੰ ਤਬਾਹ ਕਰ ਦਿੱਤਾ ਹੈ।
ਇਹ ਪਹਿਲਾ ਵਿਰਾਮ ਕਤਰ, ਮਿਸਰ ਅਤੇ ਅਮਰੀਕਾ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਸੰਭਵ ਹੋਇਆ ਹੈ। ਸਮਝੌਤੇ ਤਹਿਤ ਹਮਾਸ 50 ਬੰਧਕਾਂ ਨੂੰ ਰਿਹਾਅ ਕਰੇਗਾ ਅਤੇ ਬਦਲੇ ਵਿਚ ਇਜ਼ਰਾਈਲ ਵੱਲੋਂ ਕੈਦ ਕੀਤੇ 150 ਫ਼ਲਸਤੀਨੀ ਕੈਦੀ ਰਿਹਾਅ ਕੀਤੇ ਜਾਣਗੇ।
ਇਜ਼ਰਾਈਲੀ ਸਰਕਾਰ ਨੇ ਕਿਹਾ ਕਿ ਉਹ ਹਰ 10 ਬੰਧਕਾਂ ਨੂੰ ਰਿਹਾਅ ਕਰਨ ‘ਤੇ ਯੁੱਧ ਵਿਰਾਮ ਵਿਚ ਇੱਕ ਵਾਧੂ ਦਿਨ ਵਧਾਏਗੀ, ਜਦ ਕਿ ਹਮਾਸ ਵਾਅਦਾ ਕਰ ਰਿਹਾ ਹੈ ਕਿ ਫ਼ਿਊਲ ਸਮੇਤ ਮਾਨਵਤਾਵਾਦੀ ਸਹਾਇਤਾ ਵਾਲੇ ਸੈਂਕੜੇ ਟਰੱਕਾਂ ਨੂੰ ਗਾਜ਼ਾ ਵਿੱਚ ਦਾਖ਼ਲ ਹੋਣ ਦਿੱਤਾ ਜਾਵੇਗਾ।
