ਅਮਰੀਕਾ ‘ਚ ਭਾਰਤੀਆਂ ਨੂੰ ਗਰੀਨ ਕਾਰਡ ਲੈਣ ‘ਚ ਲੱਗਣਗੇ 200 ਸਾਲ !

ਅਮਰੀਕਾ ‘ਚ ਨੌਕਰੀ ਕਰ ਰਹੇ 12 ਲੱਖ ਭਾਰਤੀਆਂ ਨੂੰ ਗਰੀਨ ਕਾਰਡ ਅਪਲਾਈ ਕੀਤੇ ਹੋਏ ਕਈ ਸਾਲ ਹੋ ਗਏ ਹਨ ਪਰ ਅਜੇ ਤੱਕ ਉਨ੍ਹਾਂ ਦੇ ਹੱਥ ਨਿਰਾਸ਼ਾ ਹੀ ਲੱਗੀ ਹੈ। ਉਨ੍ਹਾਂ ਦੀ ਉਡੀਕ ਸੂਚੀ ਵਧਦੀ ਹੀ ਜਾ ਰਹੀ ਹੈ। ਕਾਂਗਰੇਸ਼ਨਲ ਰਿਸਰਚ ਸਰਵਿਸ ਦੇ ਇਕ ਅੰਦਾਜ਼ੇ ਮੁਤਾਬਿਕ 2030 ਤੱਕ ਅਮਰੀਕਾ ਵਿਚ ਕੰਮ ਕਰਨ ਵਾਲੇ ਅਤੇ ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਭਾਰਤੀਆਂ ਦੀ ਗਿਣਤੀ 21 ਲੱਖ ਨੂੰ ਪਾਰ ਕਰ ਜਾਵੇਗੀ। ਇਨ੍ਹਾਂ ਸਾਰਿਆਂ ਨੂੰ ਗ੍ਰੀਨ ਕਾਰਡ ਮਿਲਣ ਵਿਚ ਲਗਭਗ 200 ਸਾਲ ਲੱਗਣਗੇ। 12 ਲੱਖ ਭਾਰਤੀਆਂ ‘ਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਸ਼ਾਮਿਲ ਹਨ। ਇਨ੍ਹਾਂ ‘ਚ ਜ਼ਿਆਦਾਤਰ ਪ੍ਰੋਫੈਸਰ, ਰਿਸਰਚਰ, ਬਹੁ-ਰਾਸ਼ਟਰੀ ਕੰਪਨੀਆਂ ‘ਚ ਐਗਜ਼ੀਕਿਊਟਿਵ ਅਤੇ ਮੈਨੇਜਰ, ਆਈ.ਟੀ. ਪ੍ਰੋਫ਼ੈਸ਼ਨਲ ਆਦਿ ਸ਼ਾਮਿਲ ਹਨ। ਫੋਰਬਸ ਦੀ ਇਕ ਰਿਪੋਰਟ ‘ਚ ਉਕਤ ਗੱਲ ਸਾਹਮਣੇ ਆਈ ਹੈ। ਯੂ.ਐਸ.ਸੀ.ਆਈ.ਐਸ. ਨੇ ਹਾਲ ਹੀ ‘ਚ ਅਮਰੀਕਾ ‘ਚ ਨੌਕਰੀ ਆਧਾਰਿਤ ਗ੍ਰੀਨ ਕਾਰਡ ਵੀਜ਼ਾ ਦਾ ਬੁਲੇਟਿਨ ਜਾਰੀ ਕੀਤਾ ਹੈ, ਜਿਸ ਤੋਂ ਪਤਾ ਲੱਗਾ ਹੈ ਕਿ ਅਜੇ ਉਥੇ ਗ੍ਰੀਨ ਕਾਰਡ ਲੈਣ ਦਾ ਰਸਤਾ ਬੜਾ ਔਖਾ ਹੈ। ਯੂ.ਐਸ.ਸੀ.ਆਈ.ਐਸ. ਮੁਤਾਬਿਕ ਲਗਭਗ 12 ਲੱਖ ਭਾਰਤੀ ਅਜਿਹੇ ਹਨ ਜੋ ਅਮਰੀਕਾ ਦਾ ਗ੍ਰੀਨ ਕਾਰਡ ਲੈਣ ਲਈ ਕਈ ਸਾਲਾਂ ਤੋਂ ਉਡੀਕ ਕਰ ਰਹੇ ਹਨ। ਇਸ ਦਾ ਕਾਰਨ ਇਹ ਹੈ ਕਿ ਅਮਰੀਕਾ ਵਿਚ ਹਰ ਦੇਸ਼ ਦੇ ਹਿਸਾਬ ਨਾਲ ਗ੍ਰੀਨ ਕਾਰਡਾਂ ਦੀ ਲਿਮਟ ਤੈਅ ਹੁੰਦੀ ਹੈ ਅਤੇ ਸਾਲਾਨਾ ਕੋਟਾ ਵੀ ਬਹੁਤ ਘੱਟ ਹੁੰਦਾ ਹੈ। ਅਮਰੀਕੀ ਕਾਨੂੰਨ ਮੁਤਾਬਿਕ ਰੁਜ਼ਗਾਰ ਆਧਾਰਿਤ ਗ੍ਰੀਨ ਕਾਰਡ ਜਾਰੀ ਕਰਨ ਦੀ ਸਾਲਾਨਾ ਲਿਮਟ 1,40,000 ਹੈ। ਇਸ ਤੋਂ ਇਲਾਵਾ ਹਰੇਕ ਦੇਸ਼ ਲਈ ਸਿਰਫ਼ 7 ਫ਼ੀਸਦੀ ਕੋਟਾ ਹੈ। ਇਸ ਦੇ ਨਤੀਜੇ ਭਾਰਤ ਅਤੇ ਚੀਨ ਵਰਗੇ ਆਬਾਦੀ ਵਾਲੇ ਦੇਸ਼ਾਂ ਦੇ ਉੱਚ ਹੁਨਰਮੰਦ ਨੌਜਵਾਨਾਂ ਨੂੰ ਭੁਗਤਣੇ ਪੈ ਰਹੇ ਹਨ।

Spread the love