ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਦੀ ਅਗਵਾਈ ਵਾਲੀ ਸਰਕਾਰ ਦੇਸ਼ ਦੇ ਨਾਗਰਿਕਾਂ ਨੂੰ ਖੁਸ਼ਹਾਲ ਬਣਾਉਣ ਲਈ ਆਏ ਦਿਨ ਮਹਿੰਗਾਈ ਦੇ ਮੱਦੇਨਜ਼ਰ ਭੱਤੇ ਦੇ ਰਹੀ ਹੈ, ਪਰ ਇਸ ਦੇ ਬਾਵਜੂਦ ਇਟਲੀ ਦੇ ਨਾਗਰਿਕ ਸਰਕਾਰ ਤੋਂ ਖੁਸ਼ ਨਜ਼ਰ ਨਹੀਂ ਆ ਰਹੇ। ਕਿਉਂਕਿ ਇਟਲੀ ਵਿੱਚ ਦਿਨੋ ਦਿਨ ਵੱਧ ਰਹੀ ਮਹਿੰਗਾਈ ਆਮ ਲੋਕਾਂ ਦਾ ਲੱਕਵਿਪੋ, ਤੋੜ ਰਹੀ ਹੈ, ਜਿਸ ਕਾਰਨ ਲੋਕਾਂ ਵਿੱਚ ਮਹਿੰਗਾਈ ਨੂੰ ਲੈਕੇ ਹਾਹਾਕਾਰ ਮਚੀ ਹੋਈ ਹੈ। ਇਟਲੀ ਦੀਆਂ ਦੋ ਪ੍ਰਸਿੱਧ ਜਨਤਕ ਸੰਸਥਾਵਾਂ ਸੀ.ਜੀ.ਆਈ.ਐਲ ਤੇ ਓ.ਆਈ.ਐਲ ਵਲੋਂ ਲਾਸੀਓ ਸੂਬੇ ਦੇ ਮਹਿੰਗਾਈ ਨਾਲ ਪ੍ਰਭਾਵਿਤ ਲੋਕਾਂ ਦੇ ਸਹਿਯੋਗ ਨਾਲ ਰਾਜਧਾਨੀ ਰੋਮ ਦੇ ਪ੍ਰਸਿੱਧ ਸਥਾਨ ਪਿਆਸਾ ਦੱਲ ਪੌਪਲੋ ਵਿਖੇ ਭਾਰੀ ਗਿਣਤੀ ਵਿੱਚ ਇੱਕਠ ਕਰਕੇ ਮੇਲੋਨੀ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਸੀ.ਜੀ.ਆਈ.ਐਲ ਦੇ ਜਨਰਲ ਸੈਕਟਰੀ ਪੀਏਪਾਬਲੋ ਬੋਬਰਦੇਈਰੀ ਤੇ ਓ.ਆਈ.ਐਲ ਦੇ ਜਨਰਲ ਸੈਕਟਰੀ ਮਾਓਰੀਸੀਓ ਲਣਦੀਨੀ ਦੀ ਰਹਿਨੁਮਾਈ ਹੇਠ ਠਾਠਾਂ ਮਾਰਦਾ ਇੱਕਠ, ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਵੱਲੋਂ ਸਰਕਾਰ ਖ਼ਿਲਾਫ਼ ਰੋਹ ਵਿੱਚ ਨਾਅਰੇਬਾਜ਼ੀ ਕੀਤੀ ਗਈ। ਹੱਥਾਂ ਵਿੱਚ ਬੈਨਰ ਤੇ ਤਖ਼ਤੀਆਂ ਫੜ ਕੇ ਕਾਮਿਆਂ, ਪੈਨਸ਼ਨ ਲ਼ੈਣ ਵਾਲਿਆਂ ਤੇ ਆਮ ਨਾਗਰਿਕਾਂ ਦੀ ਮਿਹਨਤ ਰਾਸ਼ੀ ਵਿੱਚ ਵਾਧਾ ਕਰਨ ਦੀ ਮੰਗ ਰੱਖੀ ਗਈ। ਇਸ ਮੌਕੇ ਪਬਲਿਕ ਟਰਾਂਸਪੋਰਟ ਜਿਵੇ ਬੱਸਾਂ, ਰੇਲਾਂ ਦੀ ਵੀ 4 ਘੰਟੇ ਹੜਤਾਲ ਕੀਤੀ ਗਈ ਅਤੇ ਸੰਸਥਾ ਵਲੋਂ 8 ਘੰਟੇ ਦੀ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ।
