ਟੋਰਾਂਟੋ, 6 ਮਾਰਚ (ਰਾਜ ਗੋਗਨਾ ਭੁਲੱਥ ) – ਬੀਤੇਂ ਦਿਨ ਬੀ.ਸੀ. ਦੇ ਸਰੀ ਵਿਖੇ ਗੋਲੀਬਾਰੀ ਦੌਰਾਨ ਇਕ ਪੰਜਾਬੀ ਨੌਜਵਾਨ ਜਸਕਰਨ ਸਿੰਘ ਮਿਨਹਾਸ ਦੀ ਮੌਤ ਹੋ ਗਈ ਹੈ। ਜੋ ਰੀਅਲ ਅਸਟੇਟ ਖੇਤਰ ਦਾ ਕਾਰੋਬਾਰੀ ਹੋਣ ਦੇ ਨਾਲ-ਨਾਲ ਸੌਕਰ ਦਾ ਚੰਗਾ ਖਿਡਾਰੀ ਵੀ ਸੀ। ਕੈਨੇਡਾ ਦੇ ਸਰੀ ਦੇ ਸਕੌਟ ਰੋਡ ਅਤੇ 80 ਐਵੇਨਿਊ ਇਲਾਕੇ ਵਿਚ ਵਾਪਰੀ ਵਾਰਦਾਤ ਬਾਰੇ ਦਸਿਆ ਜਾ ਰਿਹਾ ਹੈ ਕਿ ਜਸਕਰਨ ਮਿਨਹਾਸ ਅਪਣੀ ਗੱਡੀ ਵਿਚ ਜਾ ਰਿਹਾ ਸੀ ਜਦੋਂ ਇਕ ਹੋਰ ਗੱਡੀ ਵਿਚ ਆਏ ਤਿੰਨ ਹਮਲਾਵਰਾਂ ਨੇ ਉਸ ਨੂੰ ਘੇਰ ਲਿਆ ਅਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਫ਼ਰਾਰ ਹੋ ਗਏ। ਵਾਰਦਾਤ ਵਾਲੀ ਥਾਂ ਤੋਂ ਕੁਝ ਦੂਰ ਡੈਲਟਾ ਦੇ ਵੈਸਟਵਿਊ ਡਰਾਈਵ ਇਲਾਕੇ ਵਿਚ ਇਕ ਕਾਰ ਸੜਦੀ ਹੋਈ ਮਿਲੀ ਜੋ ਕਾਤਲਾਂ ਨਾਲ ਸਬੰਧਤ ਮੰਨੀ ਜਾ ਰਹੀ ਹੈ। ਉਧਰ ਸਰੀ ਪੁਲਿਸ ਦੇ ਬੁਲਾਰੇ ਸਟਾਫ਼ ਸਾਰਜੈਂਟ ਲਿੰਡਜ਼ੀ ਹੌਟਨ ਨੇ ਦਸਿਆ ਕਿ ਵਾਰਦਾਤ ਬੇਹੱਦ ਭੀੜ-ਭਾੜ ਵਾਲੇ ਇਲਾਕੇ ਵਿਚ ਸੋਮਵਾਰ ਸ਼ਾਮ ਤਕਰੀਬਨ ਸਾਢੇ ਪੰਜ ਵਜੇ ਇਕ ਪਾਰਕਿੰਗ ਲੌਟ ਵਿਚ ਵਾਪਰੀ। ਫੌਕਸਵੈਗਨ ਐਸ.ਯੂ.ਵੀ. ਦੀ ਵਿੰਡਸ਼ੀਲਡ ਵਿਚੋਂ ਗੋਲੀਆਂ ਲੰਘਣ ਦੇ ਕਈ ਨਿਸ਼ਾਨ ਤਸਵੀਰਾਂ ਵਿਚ ਦੇਖੇ ਜਾ ਸਕਦੇ ਹਨ।
