ਪੰਜਾਬੀ ਮੂਲ ਦੀ 33 ਸਾਲ ਦੀ ਔਰਤ ਨੇ ਸ਼ੁਕਰਵਾਰ ਨੂੰ ਅਪਣੀ 10 ਸਾਲ ਦੀ ਧੀ ਦੇ ਕਤਲ ਦੀ ਗੱਲ ਕਬੂਲ ਕਰ ਲਈ, ਜੋ ਇਸ ਸਾਲ ਦੇ ਸ਼ੁਰੂ ਵਿਚ ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਖੇਤਰ ਦੇ ਇਕ ਕਸਬੇ ਵਿਚ ਅਪਣੇ ਘਰ ਵਿਚ ਮ੍ਰਿਤਕ ਮਿਲੀ ਸੀ। ਜਸਕੀਰਤ ਕੌਰ, ਜਿਸ ਨੂੰ ਜੈਸਮੀਨ ਕੰਗ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ’ਤੇ 4 ਮਾਰਚ ਨੂੰ ਸ਼ਾਇ ਕੰਗ ਦੇ ਕਤਲ ਦਾ ਦੋਸ਼ ਲਗਾਇਆ ਗਿਆ ਸੀ, ਜਦੋਂ ਵੈਸਟ ਮਿਡਲੈਂਡਜ਼ ਪੁਲਿਸ ਨੇ ਕਿਹਾ ਸੀ ਕਿ ਲੜਕੀ ਨੂੰ ਰੌਲੀ ਰੇਜੀਸ ਕਸਬੇ ਦੇ ਇਕ ਪਤੇ ’ਤੇ ਸੱਟਾਂ ਦੇ ਨਾਲ ਪਾਇਆ ਗਿਆ ਸੀ ਅਤੇ ਉਸ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿਤਾ ਗਿਆ ਸੀ। ਜਸਕੀਰਤ ਕੌਰ ਨੇ ਹੁਣ ਵੋਲਵਰਹੈਂਪਟਨ ਕ੍ਰਾਊਨ ਕੋਰਟ ਨੂੰ ਅਪਣੀ ਜੇਲ੍ਹ ਤੋਂ ਵੀਡੀਉ ਲਿੰਕ ਰਾਹੀਂ ਇਕ ਛੋਟੀ ਜਿਹੀ ਸੁਣਵਾਈ ’ਚ ਕਿ ਉਹ ਅਪਣੀ ਧੀ ਦੇ ਕਤਲ ਦਾ ਦੋਸ਼ ਕਬੂਲਦੀ ਹੈ। ਜੱਜ ਮਾਈਕਲ ਚੈਂਬਰਜ਼ ਨੇ ਉਸ ਨੂੰ ਸਜ਼ਾ ਸੁਣਾਉਣ ਲਈ 25 ਅਕਤੂਬਰ ਦੀ ਮਿਤੀ ਤੈਅ ਕੀਤੀ ਹੈ, ਜਦੋਂ ਉਸ ਦੇ ਨਿੱਜੀ ਤੌਰ ’ਤੇ ਅਦਾਲਤ ਵਿਚ ਪੇਸ਼ ਹੋਣ ਦੀ ਉਮੀਦ ਹੈ। ਅਦਾਲਤ ਨੇ ਕਿਹਾ, ‘‘ਤੁਹਾਡਾ ਕੇਸ 25 ਅਕਤੂਬਰ ਨੂੰ ਸਜ਼ਾ ਲਈ ਮੁਲਤਵੀ ਕੀਤਾ ਜਾ ਰਿਹਾ ਹੈ। ਹੋਰ ਰੀਪੋਰਟਾਂ ਦੀ ਜ਼ਰੂਰਤ ਹੋਵੇਗੀ, ਇਸ ਲਈ ਇਹ ਤੁਹਾਡੇ ਹਿੱਤ ’ਚ ਹੈ ਕਿ ਤੁਸੀਂ ਉਨ੍ਹਾਂ ਰੀਪੋਰਟਾਂ ਨੂੰ ਤਿਆਰ ਕਰਨ ’ਚ ਸਹਿਯੋਗ ਕਰੋ।’’ਬਚਾਅ ਪੱਖ ਦੀ ਬੈਰਿਸਟਰ ਕੈਥਰੀਨ ਗੋਡਾਰਡ ਨੇ ਅਦਾਲਤ ਨੂੰ ਦਸਿਆ ਕਿ ਮਾਮਲੇ ਦੇ ਤੱਥਾਂ ’ਤੇ ਕੋਈ ਵਿਵਾਦ ਨਹੀਂ ਹੈ। ‘ਸ਼੍ਰੌਪਸ਼ਾਇਰ ਸਟਾਰ’ ਦੀ ਖਬਰ ਮੁਤਾਬਕ ਇਸ ਤੋਂ ਪਹਿਲਾਂ ਸ਼ਾਇ ਦੀ ਮੌਤ ਦੀ ਜਾਂਚ ’ਚ ਸੁਣਿਆ ਗਿਆ ਸੀ ਕਿ ਉਸ ਦੀ ਮੌਤ ਛਾਤੀ ’ਤੇ ਚਾਕੂ ਨਾਲ ਕੀਤੇ ਗਏ ਜ਼ਖ਼ਮਾਂ ਕਾਰਨ ਹੋਈ ਹੈ। ਬ੍ਰਿਕਹਾਊਸ ਪ੍ਰਾਇਮਰੀ ਸਕੂਲ, ਜਿੱਥੇ ਸ਼ਾਇ ਵਿਦਿਆਰਥਣ ਸੀ, ਨੇ ਉਸ ਸਮੇਂ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਕੂਲ ਇਸ ਦੁਖਦਾਈ ਮੌਤ ਤੋਂ ਬਹੁਤ ਦੁਖੀ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਸ਼ਾਇ ਇਕ ਰੌਸ਼ਨ ਦਿਮਾਗ਼, ਖੁਸ਼ ਰਹਿਣ ਵਾਲੀ ਬੱਚੀ ਸੀ, ਜਿਸ ਨੂੰ ਸਾਰਿਆਂ ਨੇ ਬਹੁਤ ਪਸੰਦ ਕੀਤਾ ਅਤੇ ਹਰ ਕੋਈ ਉਸ ਨੂੰ ਬਹੁਤ ਯਾਦ ਕਰੇਗਾ।