ਸ਼੍ਰੀ ਅਕਤਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਅਰਦਾਸ ਦੇ ਸ਼ਬਦਾਂ ਨੂੰ ਤੋੜ-ਮਰੋੜ ਕੇ ਸਿਆਸੀ ਆਕਾਵਾਂ ਦੀ ਖੁਸ਼ਾਮਦ ਵਿਚ ਵਰਤਣ ਦੀ ਘਟਨਾ ਦਾ ਸਖ਼ਤ ਨੋਟਿਸ ਲੈਂਦਿਆਂ ਇਸ ਨੂੰ ਬੇਸ਼ਰਮੀ ਭਰੀ ਕਾਰਵਾਈ ਕਰਾਰ ਦਿੱਤਾ ਹੈ । ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਗੁਰਬਾਣੀ ਦੇ ਫ਼ਲਸਫ਼ੇ ਦੀ ਸੇਧ ਵਿਚ ‘ਨਿਓਟਿਆਂ ਦੀ ਓਟ’ ਅਤੇ ‘ਨਿਤਾਣਿਆਂ ਦੇ ਤਾਣ’ ਸ਼ਬਦ ਕੇਵਲ ਗੁਰੂ ਸਾਹਿਬਾਨ ਅਤੇ ਅਕਾਲ ਪੁਰਖ ਦੇ ਪ੍ਰਥਾਇ ਵਰਤੇ ਜਾਂਦੇ ਹਨ ਪਰ ਇਕ ਵੀਡਿਓ ਕਲਿਪ ਉਨ੍ਹਾਂ ਦੇ ਧਿਆਨ ਵਿਚ ਆਈ ਹੈ, ਜਿਸ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਉਕਤ ਸ਼ਬਦ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਖੁਸ਼ਾਮਦ ਵਿਚ ਬੋਲੇ ਗਏ ਹਨ, ਜੋ ਕਿ ਇਕ ਬੱਜਰ ਗੁਨਾਹ ਹੈ।ਉਨ੍ਹਾਂ ਕਿਹਾ ਕਿ ਵਿਧਾਇਕ ਪੰਡੋਰੀ ਵਲੋਂ ਅਰਦਾਸ ਦੇ ਸ਼ਬਦਾਂ ਦੀ ਬੇਅਦਬੀ ਕਰਨ ਦੀ ਵੀਡੀਓ ਦੇ ਮਾਮਲੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪੜਤਾਲ ਕਰਵਾਈ ਜਾ ਰਹੀ ਹੈ ਅਤੇ ਦੋਸ਼ੀ ਪਾਏ ਜਾਣ ‘ਤੇ ਉਕਤ ਵਿਧਾਇਕ ਪੰਡੋਰੀ ਖ਼ਿਲਾਫ਼ ਸਿੱਖ ਪਰੰਪਰਾਵਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।