‘ਕੁਆਡ’ ਵੱਲੋਂ ਸਾਂਝੇ ਕੋਸਟ ਗਾਰਡ ਮਿਸ਼ਨ ਦਾ ਐਲਾਨ

ਚਾਰ ਮੁੁਲਕੀ ਸਮੂਹ ਕੁਆਡ ਵਿਚ ਸ਼ਾਮਲ ਭਾਰਤ, ਅਮਰੀਕਾ, ਆਸਟਰੇਲੀਆ ਅਤੇ ਜਪਾਨ ਨੇ ਚੀਨ ਦੇ ਹਮਲਾਵਰ ਰੁਖ਼ ਦੇ ਟਾਕਰੇ ਲਈ ਪਹਿਲੀ ਵਾਰ ਸਾਂਝੇ ਕੋਸਟ ਗਾਰਡ ਮਿਸ਼ਨ ਦਾ ਐਲਾਨ ਕੀਤਾ ਹੈ। ਇਸ ਮਿਸ਼ਨ ਤਹਿਤ ਹਿੰਦ-ਪ੍ਰਸ਼ਾਂਤ ਖ਼ਿੱਤੇ ਵਿਚਲੇ ਛੋਟੇ ਮੁਲਕਾਂ ਨੂੰ ਸਮੁੰਦਰੀ ਸੁਰੱਖਿਆ ਦੀ ਸਿਖਲਾਈ ਦਿੱਤੀ ਜਾਵੇਗੀ। ਇਸ ਵਿਚ ਅਗਲੀ ਪਰਤ ਤਕਨਾਲੋਜੀ ਦੀ ਜੋੜੀ ਜਾਵੇਗੀ ਅਤੇ ਸਮੁੰਦਰ ਉੱਤੇ ਨਜ਼ਰ ਬਣਾਈ ਰੱਖਣ ਲਈ ਵੇਲੇ ਸਿਰ ਨਾਲ ਦੀ ਨਾਲ ਡੇਟਾ ਮੁਹੱਈਆ ਕਰਵਾਇਆ ਜਾਵੇਗਾ। ਇਹ ਐਲਾਨ ਅਮਰੀਕੀ ਸੂਬੇ ਡੈਲਾਵੇਅਰ ਦੇ ਵਿਲਮਿੰਗਟਨ ਵਿਚ ਐਤਵਾਰ ਸਵੇਰੇ ਖ਼ਤਮ ਹੋਏ ‘ਕੁਆਡ’ ਸਿਖਰ ਸੰਮੇਲਨ ਵਿਚ ਜਾਰੀ ਕੀਤੇ ਗਏ ਵਿਲਮਿੰਗਟਨ ਐਲਾਨਨਾਮੇ ਵਿਚ ਕੀਤਾ ਗਿਆ ਹੈ। ਐਲਾਨਨਾਮੇ ਵਿਚ ਰੂਸ-ਯੂਕਰੇਨ ਜੰਗ ਦੇ ਖ਼ਾਤਮੇ ਉਤੇ ਵੀ ਜ਼ੋਰ ਦਿੱਤਾ ਗਿਆ ਹੈ ਅਤੇ ਨਾਲ ਹੀ ਇਜ਼ਰਾਈਲ-ਗਾਜ਼ਾ ਟਕਰਾਅ ਦੇ ਖ਼ਾਤਮੇ ਲਈ ਮਾਮਲੇ ਦੇ ਦੋ-ਮੁਲਕੀ ਹੱਲ ਦੀ ਲੋੜ ਵੀ ਉਭਾਰੀ ਗਈ ਹੈ। ਅਮਰੀਕੀ ਸਦਰ ਜੋਅ ਬਾਇਡਨ ਦੀ ਮੇਜ਼ਬਾਨੀ ਵਿਚ ਹੋਏ ਸਿਖਰ ਸੰਮੇਲਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਅਤੇ ਜਪਾਨ ਦੇ ਪ੍ਰਧਾਨ ਮੰਤਰੀ ਫੁਮੀਓ ਕਿਸ਼ੀਦਾ ਨੇ ਸ਼ਿਰਕਤ ਕੀਤੀ। ਇਸ ਮੌਕੇ ਆਪਣੇ ਸੰਬੋਧਨ ਵਿਚ ਸ੍ਰੀ ਮੋਦੀ ਨੇ ਕਿਹਾ, ‘‘ਕੁਆਡ ਕਿਸੇ ਦੇ ਖ਼ਿਲਾਫ਼ ਨਹੀਂ ਹੈ। ਅਸੀਂ ਸਾਰੇ ਨੇਮਾਂ ਆਧਾਰਤ ਆਲਮੀ ਢਾਂਚੇ, ਪ੍ਰਭੂਸੱਤਾ ਦੇ ਸਤਿਕਾਰ, ਇਲਾਕਾਈ ਅਖੰਡਤਾ ਅਤੇ ਸਾਰੇ ਮਾਮਲਿਆਂ ਦੇ ਪੁਰਅਮਨ ਹੱਲ ਦੇ ਹਾਮੀ ਹਾਂ।’’ ਉਮੀਦ ਮੁਤਾਬਕ ‘ਕੁਆਡ’ ਸਿਖਰ ਸੰਮੇਲਨ ਦਾ ਧਿਆਨ ਮੁੱਖ ਤੌਰ ’ਤੇ ਚੀਨ ਉੱਤੇ ਹੀ ਕੇਂਦਰਿਤ ਰਿਹਾ। ਵਿਲਮਿੰਗਟਨ ਐਲਾਨਨਾਮੇ ਵਿਚ ਕਿਹਾ ਗਿਆ ਹੈ, ‘‘ਸਾਂਝੀਆਂ ਕਦਰਾਂ-ਕੀਮਤਾਂ ਦੇ ਆਧਾਰ ਉਤੇ ਅਸੀਂ ਅਜਿਹਾ ਕੌਮਾਂਤਰੀ ਢਾਂਚਾ ਚਾਹੁੰਦੇ ਹਾਂ ਜਿਹੜਾ ਕਾਨੂੰਨ ਦੇ ਸ਼ਾਸਨ ਉੱਤੇ ਆਧਾਰਿਤ ਹੋਵੇ।’’ ਇਹ ਟਿੱਪਣੀ ਦੱਖਣੀ ਚੀਨ ਸਾਗਰ ਵਿਚ ਸੰਯੁਕਤ ਰਾਸ਼ਟਰ ਦੀ ਸੇਧ ਵਾਲੇ 2016 ਦੇ ਇਕ ਸਾਲਸੀ ਐਵਾਰਡ ਨੂੰ ਚੀਨ ਵੱਲੋਂ ਨਾ ਮੰਨੇ ਜਾਣ ਦੇ ਸੰਦਰਭ ਵਿਚ ਕੀਤੀ ਗਈ ਹੈ। ਕੁਆਡ ਆਗੂਆਂ ਨੇ ਕਿਹਾ, ‘‘2016 ਦਾ ਸਾਲਸੀ ਐਵਾਰਡ ਇਕ ਮੀਲ-ਪੱਥਰ ਹੈ ਜਿਹੜਾ ਝਗੜਿਆਂ ਦੇ ਪੁਰਅਮਨ ਹੱਲ ਦਾ ਆਧਾਰ ਹੈ।’’ ਕੁਆਡ ਆਗੂਆਂ ਨੇ ਕਿਹਾ ਕਿ ਉਹ ਪੂਰਬੀ ਚੀਨ ਸਾਗਰ ਤੇ ਦੱਖਣੀ ਚੀਨ ਸਾਗਰ ਦੇ ਹਾਲਾਤ ਬਾਰੇ ‘ਵੱਡੇ ਫ਼ਿਕਰਮੰਦ’ ਹਨ। ਕਾਬਿਲੇਗੌਰ ਹੈ ਕਿ ਚੀਨ ਨੇ ‘ਹਾਈਡਰੋ-ਕਾਰਬਨ’ ਨਾਲ ਭਰਪੂਰ ਦੱਖਣੀ ਚੀਨ ਸਾਗਰ ਵਿਚ ਕੰਮ ਕਰਨ ਨੂੰ ਲੈ ਕੇ ਵੀਅਤਨਾਮ, ਫ਼ਿਲਪੀਨਜ਼, ਬਰੂਨੇਈ, ਇੰਡੋਨੇਸ਼ੀਆ, ਮਲੇਸ਼ੀਆ ਤੇ ਤਾਇਵਾਨ ਨਾਲ ‘ਆਦਰਸ਼ ਜ਼ਾਬਤੇ’ ਬਾਰੇ ਆਪਣੀਆਂ ਹੀ ਸ਼ਰਤਾਂ ਨਿਰਧਾਰਿਤ ਕੀਤੀਆਂ ਹੋਈਆਂ ਹਨ। ‘ਕੁਆਡ’ ਨੇ ਸਾਂਝੇ ਕੋਸਟ ਗਾਰਡ ਮਿਸ਼ਨ ਦਾ ਐਲਾਨ ਅਜਿਹੇ ਮੌਕੇ ਕੀਤਾ ਹੈ ਜਦੋਂ ਚੀਨੀ ਸਮੁੰਦਰੀ ਮਿਲੀਸ਼ੀਆ ਨੇ, ਮੱਛੀ ਫੜਨ ਵਾਲੇ ਸਮੁੰਦਰੀ ਜਹਾਜ਼ਾਂ ਦੀ ਵਰਤੋਂ ਕਰਦੇ ਹੋਏ ਅਤੇ ਚੀਨੀ ਤੱਟ ਰੱਖਿਅਕਾਂ ਦੀ ਮਦਦ ਨਾਲ ਫਿਲੀਪੀਨਜ਼ ਦੇ ਮੱਛੀ ਫੜਨ ਵਾਲੇ ਜਹਾਜ਼ਾਂ ਵਿੱਚ ਘੁਸਪੈਠ ਕੀਤੀ ਹੈ ਤੇ ਤੇਲ ਖੋਜ ਸਰਗਰਮੀਆਂ ਤੋਂ ਵਰਜਿਆ ਹੈ। ਪੇਈਚਿੰਗ ਦੇ ਟਾਕਰੇ ਲਈ ਹੋਰਨਾਂ ਮੁਲਕਾਂ ਨੂੰ ਸਸ਼ਕਤ ਬਣਾਉਣ ਲਈ ਕੁਆਡ ਨੇ ਨਵੇਂ ਸਿਖਲਾਈ ਮੌਡਿਊਲ ‘ਮੈਤਰੀ’ ਦਾ ਵੀ ਐਲਾਨ ਕੀਤਾ ਹੈ। ਕੁਆਡ ਮੁਲਕਾਂ ਨੇ ਹਿੰਦ-ਪ੍ਰਸ਼ਾਂਤ ਵਿਚ ਸਮੁੰਦਰ ਹੇਠਾਂ ਕਮਰਸ਼ਲ ਟੈਲੀਕਮਿਊਨੀਕੇਸ਼ਨ ਕੇਬਲਾਂ ਦੀ ਸੁਰੱਖਿਆ ਯੋਜਨਾ ਬਾਰੇ ਵੀ ਚਰਚਾ ਕੀਤੀ।

Spread the love