ਕੈਲਾਸ਼ ਗਹਿਲੋਤ ਭਾਜਪਾ ਵਿਚ ਹੋਏ ਸ਼ਾਮਿਲ

ਆਮ ਆਦਮੀ ਪਾਰਟੀ (ਆਪ) ਅਤੇ ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੇ 24 ਘੰਟੇ ਬਾਅਦ ਅੱਜ ਕੈਲਾਸ਼ ਗਹਿਲੋਤ ਭਾਜਪਾ ਵਿਚ ਸ਼ਾਮਿਲ ਹੋ ਗਏ। ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਉਨ੍ਹਾਂ ਨੂੰ ਪਾਰਟੀ ਦੀ ਮੈਂਬਰਸ਼ਿਪ ਦਿਵਾਈ। ਇਸ ਦੌਰਾਨ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਵੀ ਮੌਜੂਦ ਸਨ। ਭਾਜਪਾ ’ਚ ਸ਼ਾਮਿਲ ਹੋਣ ਤੋਂ ਬਾਅਦ ਕੈਲਾਸ਼ ਗਹਿਲੋਤ ਨੇ ਕਿਹਾ ਕਿ ਲੋਕ ਸੋਚ ਰਹੇ ਹੋਣਗੇ ਕਿ ਇਹ ਫੈਸਲਾ ਰਾਤੋਂ-ਰਾਤ ਲਿਆ ਗਿਆ ਹੈ। ਕਿਸੇ ਦੇ ਦਬਾਅ ਹੇਠ ਫੈਸਲਾ ਲਿਆ ਗਿਆ ਪਰ ਤੁਹਾਨੂੰ ਦੱਸ ਦਈਏ ਕਿ ਮੈਂ ਆਪਣੀ ਜ਼ਿੰਦਗੀ ’ਚ ਕਦੇ ਵੀ ਦਬਾਅ ’ਚ ਕੋਈ ਕੰਮ ਨਹੀਂ ਕੀਤਾ। ਸੁਣਨ ’ਚ ਆ ਰਿਹਾ ਹੈ ਕਿ ਮੈਂ ਈ.ਡੀ., ਸੀ.ਬੀ.ਆਈ. ਦੇ ਦਬਾਅ ’ਚ ਅਜਿਹਾ ਕੀਤਾ, ਪਰ ਅਜਿਹਾ ਨਹੀਂ ਹੈ। ਗਹਿਲੋਤ ਨੇ ਕਿਹਾ ਕਿ ਵਕਾਲਤ ਛੱਡ ਕੇ ਮੈਂ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋਇਆ, ਇਹ ਅੰਨਾ ਜੀ ਦੇ ਸਮੇਂ ਨਾਲ ਸੰਬੰਧਿਤ ਸੀ। ਹਜ਼ਾਰਾਂ ਅਤੇ ਲੱਖਾਂ ਮਜ਼ਦੂਰਾਂ ਨੇ ਆਪਣੀਆਂ ਨੌਕਰੀਆਂ ਅਤੇ ਕੰਮ ਛੱਡ ਦਿੱਤਾ। ਅਸੀਂ ਇਕ ਵਿਚਾਰਧਾਰਾ ਨਾਲ ਜੁੜੇ ਸੀ, ਅਸੀਂ ਇਕ ਪਾਰਟੀ ਅਤੇ ਇਕ ਵਿਅਕਤੀ ਵਿਚ ਉਮੀਦ ਦੇਖੀ। ਉਹ ਦਿੱਲੀ ਦੇ ਲੋਕਾਂ ਦੀ ਸੇਵਾ ਦੇ ਮਕਸਦ ਨਾਲ ਲਗਾਤਾਰ ਜੁੜੇ ਰਹੇ, ਰਾਜਨੀਤੀ ਵਿਚ ਆਉਣ ਦਾ ਇਹ ਹੀ ਮਕਸਦ ਸੀ। ਉਨ੍ਹਾਂ ਅੱਗੇ ਕਿਹਾ ਕਿ ਜਿਨ੍ਹਾਂ ਕਦਰਾਂ-ਕੀਮਤਾਂ ਲਈ ਉਹ ਪਾਰਟੀ ਵਿਚ ਸ਼ਾਮਿਲ ਹੋਏ ਸਨ, ਉਨ੍ਹਾਂ ਨੂੰ ਆਪਣੀਆਂ ਅੱਖਾਂ ਸਾਹਮਣੇ ਸਮਝੌਤਾ ਹੁੰਦਾ ਦੇਖ ਰਿਹਾ ਹੈ। ਇਹ ਦੁਖਦਾਈ ਹੈ।

Spread the love