ਸਿਆਟਲ ਸਿਟੀ ਕੌਂਸਲ ਮੈਂਬਰ ਕਸ਼ਮਾ ਸਾਵੰਤ (Indian-origin Seattle City Council member, Kshama Sawant) ਨੇ ਦੋਸ਼ ਲਗਾਇਆ ਹੈ ਕਿ ਉਸ ਨੂੰ ਆਪਣੀ ਬਿਮਾਰ ਮਾਂ ਨੂੰ ਮਿਲਣ ਲਈ ਭਾਰਤ ਫੇਰੀ ਵਾਸਤੇ ਭਾਰਤੀ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ।ਗ਼ੌਰਤਲਬ ਹੈ ਕਿ ਉਸ ਨੇ ਅਮਰੀਕਾ ਦੇ ਵਾਸ਼ਿੰਗਟਲ ਸੂਬੇ ਵਿਚ ਜਾਤੀ ਭੇਦਭਾਵ ਨੂੰ ਖਤਮ ਕਰਨ ਲਈ ਇੱਕ ਕਾਨੂੰਨ ਪਾਸ ਕਰਵਾਇਆ ਸੀ।ਉਸ ਨੇ ਕਿਹਾ ਕਿ ਇਸ ਕਾਰਨ ਉਸ ਨੂੰ ਭਾਰਤ ਸਰਕਾਰ ਦੀ ‘ਵੀਜ਼ਾ ਨਾ ਦੇਣ’ ਵਾਲੀ ਸੂਚੀ ਵਿੱਚ ਰੱਖਿਆ ਗਿਆ ਹੈ। ਉਸ ਨੂੰ ਬੀਤੇ ਸਾਲ ਤੋਂ ਤੀਜੀ ਵਾਰ ਵੀਜ਼ਾ ਦੇਣ ਤੋਂ ਨਾਂਹ ਕੀਤੀ ਗਈ ਹੈ।ਭਾਰਤ ਦੇ ਸਿਆਟਲ ਸਥਿਤ ਕੌਂਸਲਖ਼ਾਨੇ (Indian Consulate in Seattle) ਦੀ ਇਸ ਕਾਰਵਾਈ ਖ਼ਿਲਾਫ਼ ਸਾਵੰਤ ਅਤੇ ਉਸਦੀ ਸੰਸਥਾ ‘ਵਰਕਰਜ਼ ਸਟ੍ਰਾਈਕ ਬੈਕ’ (Workers Strike Back) ਦੇ ਮੈਂਬਰਾਂ ਨੇ ਭਾਰਤੀ ਕੌਂਸਲੇਟ ਵਿਖੇ ਧਰਨਾ ਦਿੱਤਾ। ਮੁਜ਼ਾਹਰਾਕਾਰੀਆਂ ਨੇ ਇਸ ਪ੍ਰਦਰਸ਼ਨ ਨੂੰ ‘ਸ਼ਾਂਤਮਈ ਸਿਵਲ ਅਵੱਗਿਆ’ ਕਰਾਰ ਦਿੱਤਾ।ਸਾਵੰਤ ਨੇ ‘ਐਕਸ’ (X) ਉਤੇ ਪਾਈ ਇਕ ਪੋਸਟ ਵਿਚ ਕੀਤਾ, “ਮੈਂ ਅਤੇ ਮੇਰੇ ਪਤੀ ਸਿਆਟਲ ਸਥਿਤ ਭਾਰਤੀ ਕੌਂਸਲੇਟ ਵਿੱਚ ਹਾਂ। ਉਨ੍ਹਾਂ ਨੇ ਮੇਰੀ ਮਾਂ ਦੇ ਬਹੁਤ ਬਿਮਾਰ ਹੋਣ ਕਾਰਨ ਉਨ੍ਹਾਂ ਨੂੰ ਤਾਂ ਐਮਰਜੈਂਸੀ ਵੀਜ਼ਾ ਦੇ ਦਿੱਤਾ, ਪਰ ਮੇਰਾ ਵੀਜ਼ਾ ਰੱਦ ਕਰ ਦਿੱਤਾ, ਸਾਫ਼ ਕਿਹਾ ਕਿ ਮੇਰਾ ਨਾਮ ‘ਰੱਦ ਸੂਚੀ’ ਵਿੱਚ ਹੈ।”
