ਲੱਦਾਖ: ਨਦੀ ’ਚ ਡੁੱਬਣ ਤੋਂ ਪਹਿਲਾਂ ਛੇ ਘੰਟੇ ਸੰਘਰਸ਼ ਕਰਦੇ ਰਹੇ ਸਨ ਪੰਜ ਜਵਾਨ

ਪੂਰਬੀ ਲੱਦਾਖ ਦੀ ਸ਼ਯੋਕ ਨਦੀ ਵਿੱਚ ਹਾਲ ਹੀ ਵਿੱਚ ਵਾਪਰੇ ਹਾਦਸੇ ਦੌਰਾਨ ਪੰਜ ਫੌਜੀ ਜਵਾਨ ਡੁੱਬਣ ਤੋਂ ਪਹਿਲਾਂ ਲਗਪਗ ਛੇ ਘੰਟੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦੇ ਰਹੇ ਅਤੇ ਬਚਾਅ ਮੁਹਿੰਮ ਨਾਕਾਮ ਰਹਿਣ ਕਾਰਨ ਪਾਣੀ ਵਿੱਚ ਵਹਿ ਗਏ। ਇਹ ਹਾਦਸਾ 29 ਜੂਨ ਨੂੰ ਤੜਕੇ ਲਗਪਗ ਇੱਕ ਵਜੇ ਉਸ ਸਮੇਂ ਵਾਪਰਿਆ, ਜਦੋਂ ਇੱਕ ਰੂਸੀ ਟੀ-72 ਟੈਂਕ ਜੰਗੀ ਅਭਿਆਸ ਦੌਰਾਨ ਸ਼ਯੋਕ ਨਦੀ ਪਾਰ ਕਰਦੇ ਸਮੇਂ ਪਾਣੀ ਦੇ ਤੇਜ਼ ਵਹਾਅ ਦੀ ਲਪੇਟ ਵਿੱਚ ਆ ਗਿਆ ਸੀ। ਇਹ ਅਭਿਆਸ 13,000 ਫੁੱਟ ਤੋਂ ਵੱਧ ਉਚਾਈ ’ਤੇ ਸਥਿਤ ਪਹਾੜੀ ਇਲਾਕੇ ਵਿੱਚ ਕੀਤਾ ਜਾ ਰਿਹਾ ਸੀ। ਪਾਣੀ ਦਾ ਪੱਧਰ ਅਚਾਨਕ ਵਧਣ ਕਾਰਨ ਟੈਂਕ ਨਦੀ ਵਿੱਚ ਫਸ ਗਿਆ। ਟੈਂਕ ਵਿੱਚ ਸਵਾਰ ਪੰਜ ਜਵਾਨਾਂ ਨੂੰ ਬਚਾਉਣ ਦੇ ਯਤਨ ਚੱਲ ਰਹੇ ਸਨ। ਟੈਂਕ ਡੁੱਬਣ ਤੋਂ ਪਹਿਲਾਂ ਉਹ ਲਗਪਗ ਛੇ ਘੰਟੇ ਟੈਂਕ ਦੀ ਛੱਤ ’ਤੇ ਖੜ੍ਹੇ ਰਹੇ ਅਤੇ ਫਿਰ ਨਦੀ ਦੇ ਤੇਜ਼ ਵਹਾਅ ਨਾਲ ਵਹਿ ਗਏ। ਸ਼ਯੋਕ ਨਦੀ ਉਸ ਰਾਤ ਲਗਪਗ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਵਹਿ ਰਹੀ ਸੀ। ਫੌਜ ਵੱਲੋਂ ਸ਼ੁਰੂ ਕੀਤੀਆਂ ਬਚਾਅ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ ਕਿਉਂਕਿ ਇਸ ਦੀ ਆਪਣੀ ਇੱਕ ਬਚਾਅ ਟੀਮ ਹਾਦਸੇ ਦਾ ਸ਼ਿਕਾਰ ਹੋਣ ਤੋਂ ਵਾਲ-ਵਾਲ ਬਚ ਗਈ।

Spread the love