ਨੈਸ਼ਨਲ ਕਾਨਫਰੰਸ-ਕਾਂਗਰਸ ਗੱਠਜੋੜ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਵਿੱਚ ਸਰਕਾਰ ਬਣਾ ਸਕਦਾ ਹੈ। ਚੋਣ ਰੁਝਾਨਾਂ ਵਿਚ ਅਸੈਂਬਲੀ ਦੀਆਂ 90 ਵਿਚੋਂ 51 ਸੀਟਾਂ ਦੇ ਗੱਠਜੋੜ ਦੇ ਉਮੀਦਵਾਰ ਅੱਗੇ ਚੱਲ ਰਹੇ ਹਨ। ਭਾਜਪਾ ਨੇ 29 ਸੀਟਾਂ ’ਤੇ ਬੜ੍ਹਤ ਬਣਾਈ ਹੋਈ ਹੈ। ਚੋਣ ਕਮਿਸ਼ਨ ਵੱਲੋਂ ਅਪਲੋਡ ਕੀਤੇ ਰੁਝਾਨਾਂ ਮੁਤਾਬਕ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੀ ਅਗਵਾਈ ਵਾਲੀ ਪੀਡੀਪੀ ਦੋ ਸੀਟਾਂ ’ਤੇ ਅੱਗੇ ਚੱਲ ਰਹੀ ਹੈ। ਆਜ਼ਾਦ ਉਮੀਦਵਾਰ 8 ਸੀਟਾਂ ’ਤੇ ਅੱਗੇ ਹਨ। ਰੁਝਾਨਾਂ ਮੁਤਾਬਕ ਨੈਸ਼ਨਲ ਕਾਨਫਰੰਸ 41 ਸੀਟਾਂ ਜਦੋਂਕਿ ਉਸ ਦੀ ਭਾਈਵਾਲ ਪਾਰਟੀ ਕਾਂਗਰਸ 10 ਸੀਟਾਂ ’ਤੇ ਅੱਗੇ ਚੱਲ ਰਹੀ ਹੈ। ਜਿਨ੍ਹਾਂ ਪ੍ਰਮੁੱਖ ਸਿਆਸੀ ਆਗੂਆਂ ਦੀ ਕਿਸਮਤ ਦਾ ਅੱਜ ਫੈਸਲਾ ਹੋਣਾ ਹੈ, ਉਨ੍ਹਾਂ ਵਿਚ ਉਮਰ ਅਬਦੁੱਲਾ, ਪ੍ਰਦੇਸ਼ ਕਾਂਗਰਸ ਪ੍ਰਧਾਨ ਤਾਰਿਕ ਅਹਿਮਦ ਕਾਰਾ, ਏਆਈਸੀਸੀ ਜਨਰਲ ਸਕੱਤਰ ਗ਼ੁਲਾਮ ਅਹਿਮਦ ਮੀਰ, ਸੀਪੀਆਈਐੱਮ ਆਗੂ ਐੈੱਮਵਾਈ ਤਾਰੀਗਾਮੀ ਤੇ ਭਾਜਪਾ ਦੇ ਸਾਬਕਾ ਪ੍ਰਧਾਨ ਸ਼ਾਮ ਲਾਲ ਸ਼ਰਮਾ ਤੇ ਦੇਵੇਂਦਰ ਸਿੰਘ ਰਾਣਾ ਸ਼ਾਮਲ ਹਨ।