ਅਮਰੀਕਾ ਦੀ ਜੇਲ ‘ਚ ਬੰਦ ਡਾ. ਧਰਮੇਸ਼ ਪਟੇਲ ਦੀ ਪਤਨੀ ਨੇ ਅਦਾਲਤ ਨੂੰ ਆਪਣੇ ਖਿਲਾਫ ਅਪਰਾਧਿਕ ਦੋਸ਼ ਹਟਾਉਣ ਦੀ ਕੀਤੀ ਅਪੀਲ

ਨਿਊਯਾਰਕ / ਕੈਲੀਫੋਰਨੀਆ, 4 ਮਈ (ਰਾਜ ਗੋਗਨਾ)- ਗੁਜਰਾਤੀ ਡਾਕਟਰ ਧਰਮੇਸ਼ ਪਟੇਲ ਜੋ ਜਨਵਰੀ 2023 ਤੋਂ ਜੇਲ੍ਹ ਵਿੱਚ ਨਜਰਬੰਦ ਹਨ, ਉਨ੍ਹਾਂ ਦੀ ਪਤਨੀ ਨੇਹਾ ਪਟੇਲ ਨੇ ਇਸ ਮਾਮਲੇ ਵਿੱਚ ਪਹਿਲੀ ਵਾਰ ਅਦਾਲਤ ਦੇ ਸਾਹਮਣੇ ਭਾਵੁਕ ਗਵਾਹੀ ਦਿੱਤੀ ਹੈ।ਅਤੇ ਅਦਾਲਤ ਨੂੰ ਅਪਰਾਧਿਕ ਦੋਸ਼ ਹਟਾਉਣ ਦੀ ਅਪੀਲ ਦੇ ਨਾਲ ਉਸ ਨੂੰ ਰਿਹਾਅ ਕਰਨ ਦੀ ਬੇਨਤੀ ਕੀਤੀ ਹੈ। ਅਮਰੀਕਾ ਵਿੱਚ ਵਿਵਾਦਗ੍ਰਸਤ ਹੋ ਗਏ ਡਾ. ਧਰਮੇਸ਼ ਪਟੇਲ ਦੀ ਪਤਨੀ ਨੇ ਪਹਿਲੀ ਵਾਰ ਅਦਾਲਤ ਵਿੱਚ ਆਪਣੀ ਗਵਾਹੀ ਵੀਰਵਾਰ ਨੂੰ ਕੈਲੀਫੋਰਨੀਆ ਦੀ ਰੈੱਡਵੁੱਡ ਸਿਟੀ ਕੋਰਟ ‘ਚ ਦਿੰਦੇ ਹੋਏ ਨੇਹਾ ਨੇ ਅਦਾਲਤ ਨੂੰ ਦੱਸਿਆ ਕਿ ਉਸ ਦੇ ਬੱਚੇ ਪਿਛਲੇ ਡੇਢ ਸਾਲ ਤੋਂ ਲਗਾਤਾਰ ਇਹੀ ਸਵਾਲ ਪੁੱਛ ਰਹੇ ਹਨ ਕਿ ਡੈਡੀ ਘਰ ਕਦੋਂ ਵਾਪਸ ਆਉਣਗੇ? ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿੱਚ ਪੇਸ਼ ਹੋਈ ਨੇਹਾ ਪਟੇਲ ਨੇ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਉਹ ਅਤੇ ਉਸਦੇ ਬੱਚੇ ਜੇਲ੍ਹ ਵਿੱਚ ਬੰਦ ਆਪਣੇ ਪਿਤਾ ਧਰਮੇਸ਼ ਪਟੇਲ ਨਾਲ ਨਾ ਤਾਂ ਮਿਲੇ ਹਨ ਅਤੇ ਨਾ ਹੀ ਉਨ੍ਹਾਂ ਨਾਲ ਗੱਲ ਹੋ ਸਕੀ ਹੈ।ਪਤਨੀ ਨੇਹਾ ਪਟੇਲ ਨੇ ਇਹ ਵੀ ਕਿਹਾ ਕਿ ਉਸ ਦਾ ਪਰਿਵਾਰ ਧਰਮੇਸ਼ ਤੋਂ ਬਿਨਾਂ ਅਧੂਰਾ ਹੈ ਅਤੇ ਉਹ ਚਾਹੁੰਦੀ ਹੈ ਕਿ ਉਹ ਜਲਦੀ ਤੋਂ ਜਲਦੀ ਘਰ ਵਾਪਸ ਆਵੇ। ਜਦੋਂ ਨੇਹਾ ਪਟੇਲ ਆਪਣੀ ਗਵਾਹੀ ਦੇ ਰਹੀ ਸੀ ਤਾਂ ਉਸ ਦੇ ਪਤੀ ਡਾ. ਧਰਮੇਸ਼ ਪਟੇਲ ਵੀ ਇਸ ਮੌਕੇ ‘ਤੇ ਭਾਵੁਕ ਹੋ ਗਏ।ਨੇਹਾ ਦੇ ਪਤੀ ਧਰਮੇਸ਼ ਪਟੇਲ ‘ਤੇ ਜਨਵਰੀ 2023 ‘ਚ ਆਪਣੀ ਟੇਸਲਾ ਕਾਰ ਦੇ ਨਾਲ ਜਾਣਬੁੱਝ ਕੇ ਗੰਭੀਰ ਹਾਦਸਾ ਕਰਨ ਦਾ ਦੋਸ਼ ਹੈ। ਜਦੋਂ ਇਹ ਹਾਦਸਾ ਵਾਪਰਿਆ ਤਾਂ ਧਰਮੇਸ਼ ਪਟੇਲ ਆਪਣੀ ਪਤਨੀ ਨੇਹਾ ਅਤੇ ਦੋ ਬੱਚਿਆਂ ਨਾਲ ਯਾਤਰਾ ਕਰ ਰਹੇ ਸਨ। ਇਸਤਗਾਸਾ ਪੱਖ ਦਾ ਦਾਅਵਾ ਹੈ ਕਿ ਧਰਮੇਸ਼ ਨੇ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਮਾਰਨ ਦੇ ਇਰਾਦੇ ਨਾਲ ਆਪਣੀ ਕਾਰ ਇੱਕ ਪਹਾੜੀ ਦੇ ਨਾਲ ਟੱਕਰ ਮਾਰ ਦਿੱਤੀ ਸੀ, ਹਾਲਾਂਕਿ ਕਾਰ ਵਿੱਚ ਪਰਿਵਾਰ ਦੇ ਸਵਾਰ ਚਾਰ ਵਿਅਕਤੀ ਇਸ ਹਾਦਸੇ ਵਿੱਚ ਚਮਤਕਾਰੀ ਢੰਗ ਨਾਲ ਬਚ ਗਏ ਸਨ। ਡਾਕਟਰ ਧਰਮੇਸ ਪਟੇਲ ਨੇ ਆਪਣੇ ‘ਤੇ ਲਗਾਏ ਗਏ ਦੋਸ਼ਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਉਸ ਨੇ ਅਦਾਲਤ ਦੇ ਸਾਹਮਣੇ ਇਹ ਵੀ ਦਾਅਵਾ ਕੀਤਾ ਹੈ ਕਿ ਜਦੋਂ ਹਾਦਸਾ ਵਾਪਰਿਆ ਤਾਂ ਉਹ ਬਹੁਤ ਬੁਰੀ ਤਰਾਂ ਮਾਨਸਿਕ ਸਥਿਤੀ ਵਿੱਚ ਸੀ ਅਤੇ ਉਹ ਆਪਣੇ ਬੱਚਿਆਂ ਨਾਲ ਕੁਝ ਅਣਸੁਖਾਵੀਂ ਘਟਨਾ ਵਾਪਰਨ ਦੇ ਡਰ ਵਿੱਚ ਸੀ। ਧਰਮੇਸ਼ ਪਟੇਲ ਨੇ ਅਦਾਲਤ ਨੂੰ ਉਸ ਦਾ ਮਨੋਵਿਗਿਆਨਕ ਇਲਾਜ ਕਰਵਾਉਣ ਦੀ ਬੇਨਤੀ ਕੀਤੀ ਹੈ, ਡਾਕਟਰਾਂ ਨੇ ਵੀ ਪੁਸ਼ਟੀ ਕੀਤੀ ਹੈ ਕਿ ਦੁਰਘਟਨਾ ਦੇ ਸਮੇਂ ਧਰਮੇਸ਼ ਪਟੇਲ ਡਿਪ੍ਰੈਸ਼ਨ ਵਿੱਚ ਸੀ। ਕੈਲੀਫੋਰਨੀਆ ਦੇ ਕਾਨੂੰਨ ਦੇ ਅਨੁਸਾਰ, ਜੇਕਰ ਕੋਈ ਦੋਸ਼ੀ ਅਦਾਲਤ ਵਿਚ ਅਪਰਾਧ ਦੇ ਸਮੇਂ ਮਾਨਸਿਕ ਤੌਰ ‘ਤੇ ਠੀਕ ਨਹੀਂ ਪਾਇਆ ਜਾਂਦਾ ਹੈ, ਤਾਂ ਦੋਸ਼ੀ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਜਾਵੇਗਾ ਅਤੇ ਦੋ ਸਾਲਾਂ ਲਈ ਮਨੋਵਿਗਿਆਨਕ ਇਲਾਜ ਕਰਵਾਇਆ ਜਾਵੇਗਾ, ਅਤੇ ਇਸ ਇਲਾਜ ਤੋਂ ਬਾਅਦ, ਜੇ ਉਹ ਪੂਰੀ ਤਰ੍ਹਾਂ ਠੀਕ ਹੋ ਗਿਆ ਹੈ ਅਤੇ ਉਸ ਦੇ ਪਰਿਵਾਰ ਜਾਂ ਹੋਰਾਂ ਲਈ ਹੁਣ ਕੋਈ ਖ਼ਤਰਾ ਨਹੀਂ ਹੈ, ਜੇਕਰ ਪੁਸ਼ਟੀ ਹੋ ​​ਜਾਂਦੀ ਹੈ, ਤਾਂ ਉਸ ਨੂੰ ਕੇਸ ਤੋਂ ਮੁਕਤ ਕਰ ਦਿੱਤਾ ਜਾਵੇਗਾ।ਦੱਸਣਯੋਗ ਹੈ ਕਿ ਧਰਮੇਸ਼ ਪਟੇਲ ਦਾ ਲੰਘੀ 02 ਜਨਵਰੀ 2023 ਨੂੰ ਉਸ ਦੀ ਟੇਸਲਾ ਕਾਰ ਨਾਲ ਦੁਰਘਟਨਾ ਹੋਈ ਸੀ, ਉਸਨੂੰ ਸੱਟਾਂ ਨਾਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਬਾਅਦ ਵਿੱਚ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਸੀ। ਧਰਮੇਸ਼ ਪਟੇਲ ਹਾਦਸੇ ਦੇ ਬਾਅਦ ਤੋਂ ਜੇਲ ‘ਚ ਬੰਦ ਹੈ ਅਤੇ ਹੱਤਿਆ ਦੀ ਕੋਸ਼ਿਸ਼ ਦੇ ਤਿੰਨ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ। ਹਾਲਾਂਕਿ ਉਨ੍ਹਾਂ ਦੀ ਪਤਨੀ ਨੇਹਾ ਪਟੇਲ ਨੇ ਇਸ ਮਾਮਲੇ ‘ਚ ਪਹਿਲੀ ਵਾਰ ਅਦਾਲਤ ‘ਚ ਆਪਣੀ ਗਵਾਹੀ ਦਿੱਤੀ ਅਤੇ ਅਦਾਲਤ ਨੂੰ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਉਨ੍ਹਾਂ ਦਾ ਪੂਰਾ ਪਰਿਵਾਰ ਬਿਖਰ ਗਿਆ ਹੈ ਅਤੇ ਬੱਚੇ ਵੀ ਭਾਵਨਾਤਮਕ ਤੌਰ ‘ਤੇ ਬਹੁਤ ਦੁਖੀ ਹਨ।ਨੇਹਾ ਪਟੇਲ ਨੇ ਵੀ ਅਦਾਲਤ ਨੂੰ ਧਰਮੇਸ਼ ਪਟੇਲ ‘ਤੇ ਲੱਗੇ ਦੋਸ਼ਾਂ ਨੂੰ ਰੱਦ ਕਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਧਰਮੇਸ਼ ਪਟੇਲ ਨੇ 02 ਜਨਵਰੀ 2023 ਨੂੰ ਜੋ ਵੀ ਕੀਤਾ, ਉਹ ਕਿਸੇ ਦੀ ਵੀ ਸਮਝ ਤੋਂ ਬਾਹਰ ਸੀ। ਉਸ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਜੇਕਰ ਉਸ ਦੇ ਪਤੀ ਨੂੰ ਘਰ ਪਰਤਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਇਸ ਨਾਲ ਉਸ ਦਾ ਪਰਿਵਾਰ ਪੂਰਾ ਹੋ ਜਾਵੇਗਾ।ਨੇਹਾ ਪਟੇਲ ਨੇ ਅਦਾਲਤ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਉਸ ਦਾ ਪਰਿਵਾਰ ਭਵਿੱਖ ਵਿੱਚ ਲੋੜ ਪੈਣ ‘ਤੇ ਧਰਮੇਸ਼ ਦਾ ਮਾਨਸਿਕ ਇਲਾਜ ਕਰਵਾਉਣ ਤੋਂ ਸੰਕੋਚ ਨਹੀਂ ਕਰੇਗਾ। ਅਤੇ ਇਸ ਮਾਮਲੇ ਵਿੱਚ ਅੰਤਿਮ ਬਹਿਸ 10 ਮਈ ਨੂੰ ਹੋਵੇਗੀ, ਜਿਸ ਤੋਂ ਬਾਅਦ ਅਦਾਲਤ ਫੈਸਲਾ ਕਰੇਗੀ ਕਿ ਧਰਮੇਸ਼ ਨੂੰ ਮਾਨਸਿਕ ਸਿਹਤ ਡਾਇਵਰਸ਼ਨ ਪ੍ਰੋਗਰਾਮ ਲਈ ਯੋਗ ਮੰਨਿਆ ਜਾਵੇ ਜਾਂ ਨਹੀਂ।

Spread the love