ਲੁਧਿਆਣਾ ਵਿੱਚ ਸ਼ਨਿੱਚਰਵਾਰ ਸਵੇਰੇ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਗੁਰੂ ਹਰਿਕ੍ਰਿਸ਼ਨ ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਧਾਂਦਰਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਕਿਸੇ ਅਣਪਛਾਤੇ ਵਿਅਕਤੀ ਨੇ ਸਕੂਲ ਪ੍ਰਬੰਧਕਾਂ ਨੂੰ ਧਮਕੀ ਭਰੀ ਈਮੇਲ ਭੇਜੀ ਸੀ ਕਿ 5 ਅਕਤੂਬਰ ਸਵੇਰੇ ਸਕੂਲ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ। ਇਸ ਤੋਂ ਬਾਅਦ ਸਕੂਲ ਪ੍ਰਬੰਧਕਾਂ ਵੱਲੋਂ ਪੁਲੀਸ ਨੂੰ ਇਤਲਾਹ ਦਿੱਤੀ ਗਈ ਅਤੇ ਫ਼ੌਰੀ ਸਕੂਲ ਨੂੰ ਬੰਦ ਕਰ ਦਿੱਤਾ ਗਿਆ। ਸੂਚਨਾ ਮਿਲਦੇ ਹੀ ਜ਼ਿਲ੍ਹਾ ਪੁਲੀਸ ਅਧਿਕਾਰੀ ਅਤੇ ਥਾਣਾ ਸਦਰ ਮੁਖੀ ਮੌਕੇ ‘ਤੇ ਪਹੁੰਚੇ।ਪੁਲੀਸ ਨੇ ਸਬੰਧਤ ਈਮੇਲ ਨਾਲ ਜੁੜੇ ਹੋਏ ਮੋਬਾਈਲ ਫੋਨਾਂ ਦੀ ਜਾਂਚ ਕੀਤੀ ਤਾਂ ਲੁਧਿਆਣਾ ਤੇ ਬਿਹਾਰ ਦੇ ਦੋ ਮੋਬਾਈਲ ਫੋਨ ਉਸ ਨਾਲ ਜੁੜੇ ਹੋਏ ਪਾਏ ਗਏ। ਪੁਲੀਸ ਨੇ ਜਾਂਚ ਲਈ ਇਕ ਨਾਬਾਲਗ ਬੱਚੇ ਨੂੰ ਹਿਰਾਸਤ ਵਿਚ ਲਿਆ ਹੈ, ਜਿਹੜਾ ਇਕ ਪਰਵਾਸੀ ਮਜ਼ਦੂਰ ਪਰਿਵਾਰ ਨਾਲ ਸਬੰਧਤ ਦੱਸਿਆ ਜਾਂਦਾ ਹੈ।