ਸ਼੍ਰੋਮਣੀ ਅਕਾਲੀ ਦਲ ਦੇ ਰੌਲ਼ੇ-ਰੱਪੇ ’ਚ ਮਜੀਠੀਆ ਖ਼ਾਮੋਸ਼..!

ਚਰਨਜੀਤ ਭੁੱਲਰ – ਚੰਡੀਗੜ੍ਹ, 28 ਜੂਨ2024 : ਸ਼੍ਰੋਮਣੀ ਅਕਾਲੀ ਦਲ ’ਚ ਉੱਠੀ ਬਗ਼ਾਵਤ ਅਤੇ ਅੰਦਰੂਨੀ ਕਲੇਸ਼ ਦਰਮਿਆਨ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਾਮੋਸ਼ ਹਨ। ਸਿਆਸੀ ਹਲਕਿਆਂ ਨੂੰ ਇਹ ਖ਼ਾਮੋਸ਼ੀ ਰੜਕ ਰਹੀ ਹੈ। ਖ਼ਾਸ ਕਰਕੇ ਉਦੋਂ ਇਸ ਦੇ ਮਾਅਨੇ ਹੋਰ ਡੂੰਘੇ ਹੋ ਜਾਂਦੇ ਹਨ ਜਦੋਂ ਮਜੀਠੀਆ ਆਪਣੇ ਨਜ਼ਦੀਕੀ ਰਿਸ਼ਤੇਦਾਰ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਬਣੇ ਸਿਆਸੀ ਸੰਕਟ ਮੌਕੇ ਚੁੱਪ ਧਾਰ ਲੈਂਦੇ ਹਨ। ਮਜੀਠੀਆ ਪੰਜਾਬ ਵਿਚ ਹਰ ਸਿਆਸੀ ਗਤੀਵਿਧੀ ’ਤੇ ਕਦੇ ਵੀ ਟਿੱਪਣੀ ਕਰਨ ਤੋਂ ਨਹੀਂ ਖੁੰਝੇ ਹਨ। ਅਕਾਲੀ ਦਲ ਵਿਚ ਛਿੜੇ ਅੰਦਰੂਨੀ ਕਲੇਸ਼ ਨੂੰ ਲੈ ਕੇ ਮਜੀਠੀਆ ਨੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ।

ਸ਼੍ਰੋਮਣੀ ਅਕਾਲੀ ਦਲ ਦੀਆਂ ਮੀਟਿੰਗਾਂ ’ਚੋਂ ਮਜੀਠੀਆ ਗ਼ੈਰਹਾਜ਼ਰ ਹਨ। ਪਹਿਲਾਂ ਉਹ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਨਹੀਂ ਆਏ ਅਤੇ ਫਿਰ ਬਾਕੀ ਮੀਟਿੰਗਾਂ ’ਚੋਂ ਵੀ ਗ਼ੈਰਹਾਜ਼ਰ ਹੋਏ ਹਨ। ਜਦੋਂ ਲੋਕ ਸਭਾ ਚੋਣਾਂ ਦਾ ਪ੍ਰਚਾਰ ਚੱਲ ਰਿਹਾ ਸੀ ਤਾਂ ਉਸ ਵਕਤ ਵੀ ਮਜੀਠੀਆ ਗ਼ਾਇਬ ਰਹੇ ਸਨ। ਮਜੀਠੀਆ ਨੇ ਚੋਣ ਪ੍ਰਚਾਰ ਦੇ ਮਾਮਲੇ ਵਿਚ ਖ਼ੁਦ ਨੂੰ ਅੰਮ੍ਰਿਤਸਰ ਅਤੇ ਬਠਿੰਡਾ ਸੰਸਦੀ ਹਲਕੇ ਤੱਕ ਸੀਮਤ ਕੀਤਾ ਹੋਇਆ ਸੀ। ਸੂਤਰਾਂ ਮੁਤਾਬਕ ਹਫ਼ਤਾ ਪਹਿਲਾਂ ਮਜੀਠੀਆ ਅੰਮ੍ਰਿਤਸਰ ਆਏ ਸਨ ਅਤੇ ਦੋ ਦਿਨਾਂ ਮਗਰੋਂ ਮੁੜ ਵਾਪਸ ਚਲੇ ਗਏ। ਕੋਈ ਆਖ ਰਿਹਾ ਹੈ ਕਿ ਮਜੀਠੀਆ ਆਪਣੇ ਪਰਿਵਾਰਕ ਰੁਝੇਵੇਂ ਵਿਚ ਹਨ। ਏਨਾ ਜ਼ਰੂਰ ਦੱਸਿਆ ਜਾ ਰਿਹਾ ਹੈ ਕਿ ਉਹ ਪੰਜਾਬ ਤੋਂ ਬਾਹਰ ਸਨ। ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਮਜੀਠੀਆ ਆਪਣੇ ਬੱਚੇ ਦੀ ਪੜ੍ਹਾਈ ਦੇ ਸਿਲਸਿਲੇ ਵਿਚ ਗਏ ਹੋਏ ਹਨ ਅਤੇ ਇਸ ਗ਼ੈਰਹਾਜ਼ਰੀ ਦੇ ਗ਼ਲਤ ਅਰਥ ਨਹੀਂ ਕੱਢੇ ਜਾਣੇ ਚਾਹੀਦੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਮਜੀਠੀਆ ਪਹਿਲਾਂ ਉੱਤਰ ਪ੍ਰਦੇਸ਼ ਗਏ ਹੋਏ ਸਨ ਅਤੇ ਹੁਣ ਵਾਪਸ ਆ ਗਏ ਹਨ। ਸਿਆਸੀ ਹਲਕਿਆਂ ਮੁਤਾਬਕ ਪਹਿਲਾਂ ਜਦੋਂ ਕੋਈ ਸਿਆਸੀ ਗਤੀਵਿਧੀ ਹੁੰਦੀ ਸੀ ਜਾਂ ਕੋਈ ਮੁੱਦਾ ਉੱਠਦਾ ਸੀ ਤਾਂ ਮਜੀਠੀਆ ਪੰਜਾਬ ਤੋਂ ਬਾਹਰ ਹੋਣ ਦੇ ਬਾਵਜੂਦ ਟਵੀਟ ਕਰ ਦਿੰਦੇ ਸਨ। ਉਨ੍ਹਾਂ ਦੀ ਖ਼ਾਮੋਸ਼ੀ ਨੂੰ ਲੈ ਕੇ ਹੁਣ ‘ਜਿੰਨੇ ਮੂੰਹ, ਓਨੀਆਂ ਗੱਲਾਂ ’ ਵਾਲੀ ਗੱਲ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਚੱਲ ਰਹੇ ਬਾਗ਼ੀ ਆਗੂਆਂ ਨੂੰ ਲੈ ਕੇ ਵੀ ਮਜੀਠੀਆ ਨੇ ਕਿਧਰੇ ਕੋਈ ਟਿੱਪਣੀ ਨਹੀਂ ਕੀਤੀ ਹੈ ਅਤੇ ਨਾ ਹੀ ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਵਿਚਲੀ ਅਗਵਾਈ ਨੂੰ ਲੈ ਕੇ ਆਪਣੀ ਹਮਾਇਤ ਜ਼ਾਹਰ ਕੀਤੀ ਹੈ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਵੀ ਅਨਜਾਣਤਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਅੰਦਰ ਏਨਾ ਜਦੋਂ ਰੌਲਾ ਰੱਪਾ ਪੈ ਰਿਹਾ ਹੈ ਤਾਂ ਮਜੀਠੀਆ ਗ਼ੈਰਹਾਜ਼ਰ ਹਨ ਪਰ ਉਹ ਇਸ ਬਾਰੇ ਕੁਝ ਕਹਿ ਨਹੀਂ ਸਕਦੇ।

Spread the love