ਭੂੰਦੜ ਨੂੰ ਕਾਰਜਕਾਰੀ ਪ੍ਰਧਾਨ ਬਣਾਉਣਾ ਅਕਾਲੀ ਦਲ ਬਾਦਲ ਨੂੰ ਆਖ਼ਰੀ CPR ਦੇਣ ਸਮਾਨ : ਬਾਪੂ ਤਰਸੇਮ ਸਿੰਘ

ਸੁਖਬੀਰ ਸਿੰਘ ਬਾਦਲ ਸਬੰਧੀ ਜਥੇਦਾਰ ਸਾਹਿਬਾਨ ਵੱਲੋਂ ਰੱਖੀ 30 ਅਗਸਤ ਦੀ ਇਕੱਤਰਤਾ ਤੋਂ ਪਹਿਲਾਂ ਪੰਜਾਬ ਦੀਆਂ ਸਮੂਹ ਪੰਥਕ ਜਥੇਬੰਦੀਆਂ ਤੇ ਸਿੱਖ ਸੰਗਤਾਂ ਵੱਲੋਂ ਉੱਠੇ ਵਿਰੋਧ ਕਾਰਨ ਬਲਵਿੰਦਰ ਸਿੰਘ ਭੂੰਦੜ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਬਣਾਏ ਜਾਣ ਤੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਜੀ ਤਿੱਖੀ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ। ਜੱਲੂਪੁਰ ਤੋਂ ਸ੍ਰ ਪ੍ਰਗਟ ਸਿੰਘ ਜੀ ਦੁਆਰਾ ਜਾਰੀ ਕੀਤੇ ਗਏ ਇਕ ਪ੍ਰੈਸ ਨੋਟ ਰਾਹੀਂ ਬਾਪੂ ਤਰਸੇਮ ਸਿੰਘ ਜੀ ਨੇ ਕਿਹਾ ਕਿ ਬਾਦਲ ਪਰਿਵਾਰ ਦੇ ਰਾਜ ਸੱਤਾ ਭੋਗਣ ਦੇ ਲੋਭ ਕਾਰਨ ਪੰਥ ਪ੍ਰਤੀ ਕੀਤੀਆਂ ਮਾੜੀਆਂ ਕਾਰਗੁਜਾਰੀਆਂ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਲੈਕੇ ਬੈਠ ਗਈਆਂ ਹਨ। ਉਹਨਾਂ ਨੇ ਅਕਾਲੀ ਦਲ ਦੇ ਸਾਬਕਾ ਐਮ ਐਲ ਏ ਡਿੰਪੀ ਢਿੱਲੋਂ ਤੇ ਹੋਰ ਨਾਮਵਰ ਨੇਤਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਹਾਲਾਤ ਇਹ ਬਣ ਚੁੱਕੇ ਹਨ ਕਿ ਕੋਈ ਵੀ ਅਕਾਲੀ ਦਲ ਵਿੱਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਕਬੂਲਣ ਨੂੰ ਤਿਆਰ ਨਹੀਂ ਹੈ ਅਤੇ ਦੂਸਰੇ ਪਾਸੇ ਬਾਦਲ ਪਰਿਵਾਰ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਅਜਿਹਾ ਜੱਫਾ ਮਾਰ ਕੇ ਬੈਠਾ ਹੈ ਜਿਵੇਂ ਕਿ ਅਕਾਲੀ ਦਲ ਉਹਨਾਂ ਦੀ ਆਪਣੀ ਜੱਦੀ ਜਾਇਦਾਦ ਹੋਵੇ। ਇਸੇ ਵਹਿਮ ਵਿੱਚ ਹੀ ਬਾਦਲ ਪਰਿਵਾਰ ਦੀ ਪਿਛਲੇ ਦੋ ਦਹਾਕਿਆਂ ਦੀ ਕਾਰਗੁਜ਼ਾਰੀ ਨੇ ਅਕਾਲੀ ਦਲ ਨੂੰ ਪੰਥਕ ਪਾਰਟੀ ਤੋਂ ਬਦਲ ਕੇ ਬਾਦਲ ਐਂਡ ਪ੍ਰਾਈਵੇਟ ਲਿਮਟਿਡ ਕੰਪਨੀ ਬਣਾਂ ਕੇ ਰੱਖ ਦਿੱਤਾ ਹੈ ਤੇ ਹੁਣ ਬਾਦਲਾਂ ਦੀ ਇਸ ਬੱਸ ਚ’ ਚੜਨ ਨੂੰ ਕੋਈ ਵੀ ਤਿਆਰ ਨਹੀਂ ਬਲਕਿ ਵਾਰੀ ਵਾਰੀ ਪਹਿਲੇ ਵੀ ਸਾਥ ਛੱਡਦੇ ਜਾ ਰਹੇ ਹਨ। ਉਹਨਾਂ ਕਿਹਾ ਕਿ ਇਸਦੇ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਲੋਕਾਂ ਵਿੱਚ ਆਪਣਾਂ ਆਧਾਰ ਗਵਾ ਚੁੱਕੇ ਹਨ ਪ੍ਰੰਤੂ ਫਿਰ ਵੀ ਰਾਜਨੀਤਿਕ ਲਾਲਚ ਹੋਣ ਕਾਰਨ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇਂ ਹੀ ਅਧੀਨ ਰੱਖਣ ਲਈ ਜਥੇਦਾਰ ਸਾਹਿਬਾਨ ਵੱਲੋਂ ਕਿਸੇ ਤਰਾਂ ਦਾ ਫ਼ੈਸਲਾ ਆਉਣ ਤੋਂ ਪਹਿਲਾਂ ਹੀ ਆਪਣੇਂ ਸਭ ਤੋਂ ਨਜ਼ਦੀਕੀ ਬਲਵਿੰਦਰ ਸਿੰਘ ਭੂੰਦੜ ਨੂੰ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਲਗਾਇਆ ਗਿਆ ਹੈ , ਜੋ ਕਿ ਸਾਫ ਸਾਫ ਡਰਾਮੇਬਾਜ਼ੀ ਹੈ ਤੇ ਪੰਜਾਬ ਦੇ ਲੋਕ ਇਸਨੂੰ ਚੰਗੀ ਤਰ੍ਹਾਂ ਸਮਝਦੇ ਹਨ, ਉਹਨਾਂ ਇਹ ਵੀ ਕਿਹਾ ਕਿ ਬਲਵਿੰਦਰ ਸਿੰਘ ਭੂੰਦੜ ਦਾ ਦਾਮਨ ਵੀ ਕਿਸੇ ਪਾਸਿਉਂ ਪਾਕ ਅਤੇ ਸਾਫ਼ ਨਹੀਂ ਹੈ ਬਲਕਿ ਬਲਵਿੰਦਰ ਸਿੰਘ ਭੂੰਦੜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਡੇਰਾ ਸੱਚਾ ਸੌਦਾ ਦੇ ਮੁੱਖੀ ਰਾਮ ਰਹੀਮ ਦੀ ਮੁਆਫੀ ਅਤੇ ਸੁਖਬੀਰ ਸਿੰਘ ਬਾਦਲ ਐਂਡ ਪਾਰਟੀ ਵੱਲੋਂ ਕੀਤੀਆਂ ਹੋਰ ਵੀ ਪੰਥ ਵਿਰੋਧੀ ਕਾਰਵਾਈਆਂ ਵਿੱਚ ਬਰਾਬਰ ਦੇ ਸ਼ਰੀਕ ਹਨ। ਬਾਪੂ ਤਰਸੇਮ ਸਿੰਘ ਜੀ ਨੇ ਇਸਨੂੰ ਹਾਸੋਹੀਣਾ ਕਰਾਰ ਦਿੰਦਿਆਂ ਕਿਹਾ ਕਿ 30 ਅਗਸਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਦੀ ਇਕੱਤਰਤਾ ਤੋਂ ਐਨ ਪਹਿਲਾਂ ਬਲਵਿੰਦਰ ਸਿੰਘ ਭੂੰਦੜ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਬਣਾਉਣਾ ਡਾਕਟਰੀ ਭਾਸ਼ਾ ਅਨੁਸਾਰ ਅਕਾਲੀ ਦਲ ਬਾਦਲ ਨੂੰ ਆਖਰੀ ਸੀ ਪੀ ਆਰ ਦੇਣ ਸਮਾਨ ਹੈ, ਜੋ ਕਿ ਡਾਕਟਰਾਂ ਵੱਲੋਂ ਇਨਸਾਨ ਦੇ ਅਖੀਰੀ ਸਮੇਂ ਉਸਦੀ ਜਾਨ ਬਚਾਉਣ ਖ਼ਾਤਰ ਕੀਤੀ ਜਾਣ ਵਾਲੀ ਚਾਰਾਜੋਈ ਕਹਿੰਦੇ ਹਨ । ਸੋ ਉਹਨਾਂ ਕਿਹਾ ਕਿ ਇਸ ਤਰਾਂ ਕਰਕੇ ਸ੍ਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਵਰਗੀ ਪੰਥਕ ਪਾਰਟੀ ਨੂੰ ਹਨੇਰੇ ਵੱਲ ਧਕੇਲ ਰਹੇ ਹਨ।

Spread the love