ਮਾਲੀਵਾਲ ਮਾਮਲਾ: ਕੇਜਰੀਵਾਲ ਦੇ ਨਿੱਜੀ ਸਕੱਤਰ ਖਿਲਾਫ਼ ਕੇਸ ਦਰਜ

ਦਿੱਲੀ ਪੁਲੀਸ ਨੇ ‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ’ਤੇ ਹਮਲੇ ਦੇ ਦੋਸ਼ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਕੱਤਰ ਵਿਭਵ ਕੁਮਾਰ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਦਿੱਲੀ ਪੁਲੀਸ ਦੀ ਟੀਮ ਨੇ ਮਾਲੀਵਾਲ ਦੀ ਰਿਹਾਇਸ਼ ’ਤੇ ਜਾ ਕੇ ਬਿਆਨ ਦਰਜ ਕੀਤੇ। ਏਸੀਪੀ ਪੀ.ਐੱਸ.ਕੁਸ਼ਵਾਹਾ ਤੇ ਮਹਿਲਾ ਪੁਲੀਸ ਅਧਿਕਾਰੀ ਦੀ ਟੀਮ ਚਾਰ ਘੰਟੇ ਦੇ ਕਰੀਬ ਉਥੇ ਰੁਕੀ। ਮਾਲੀਵਾਲ ਨੇ ਵੀ ਚੁੱਪੀ ਤੋੜਦਿਆਂ ਭਾਜਪਾ ਨੂੰ ਇਸ ਮਾਮਲੇ ਵਿਚ ਸਿਆਸਤ ਨਾ ਕਰਨ ਦੀ ਸਲਾਹ ਦਿੱਤੀ ਹੈ। ਇਸ ਤੋਂ ਪਹਿਲਾਂ ਅੱਜ ਦਿਨੇ ਕੌਮੀ ਮਹਿਲਾ ਕਮਿਸ਼ਨ (ਐੱਨਸੀਡਬਲਿਊ) ਨੇ ਮਾਲੀਵਾਲ ’ਤੇ ਹਮਲੇ ਨਾਲ ਸਬੰਧਤ ਖ਼ਬਰ ਦਾ ਨੋਟਿਸ ਲੈਂਦਿਆਂ ਕੇਜਰੀਵਾਲ ਦੇ ਨਿੱਜੀ ਸਕੱਤਰ (ਪੀਐੱਸ) ਵਿਭਵ ਕੁਮਾਰ ਨੂੰ ਤਲਬ ਕੀਤਾ ਹੈ। ਕੁਮਾਰ ਨੂੰ ਸ਼ੁੱਕਰਵਾਰ ਸਵੇਰੇ 11 ਵਜੇ ਕਮਿਸ਼ਨ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਮਾਲੀਵਾਲ ਨੇ ਮਗਰੋਂ ਐੱਕਸ ’ਤੇ ਕਿਹਾ, ‘‘ਮੇਰੇ ਨਾਲ ਜੋ ਕੁਝ ਹੋਇਆ, ਬਹੁਤ ਬੁਰਾ ਸੀ। ਮੈਂ ਆਪਣਾ ਬਿਆਨ ਪੁਲੀਸ ਨੂੰ ਦੇ ਦਿੱਤਾ ਹੈ। ਉਮੀਦ ਕਰਦੀ ਹਾਂ ਕਿ ਢੁੱਕਵੀਂ ਕਾਰਵਾਈ ਹੋਵੇਗੀ। ਪਿਛਲੇ ਕੁਝ ਦਿਨ ਬਹੁਤ ਮੁਸ਼ਕਲ ਸਨ। ਮੈਂ ਪ੍ਰਾਰਥਨਾ ਕਰਨ ਵਾਲਿਆਂ ਦਾ ਧੰਨਵਾਦ ਕਰਦੀ ਹਾਂ। ਜਿਹੜੇ ਮੇਰੀ ਕਿਰਦਾਰਕੁਸ਼ੀ ਦੀ ਕੋਸ਼ਿਸ਼ ਵਿਚ ਸ਼ਾਮਲ ਸਨ, ਨੇ ਕਿਹਾ ਕਿ ਮੈਂ ਇਹ ਸਭ ਦੂਜੀ ਪਾਰਟੀ ਦੇ ਕਹਿਣ ’ਤੇ ਕਰ ਰਹੀ ਹਾਂ, ਰੱਬ ਉਨ੍ਹਾਂ ਦਾ ਵੀ ਭਲਾ ਕਰੇ।’’ ਇਸ ਦੌਰਾਨ ਕਾਂਗਰਸ ਦੀ ਤਰਜਮਾਨ ਰਾਗਿਨੀ ਨਾਇਕ ਨੇ ਕਿਹਾ ਕਿ ਸੰਸਦ ਮੈਂਬਰ ਸਵਾਤੀ ਮਾਲੀਵਾਲ ’ਤੇ ਕਥਿਤ ਹਮਲੇ ਵਿਚ ਸ਼ਾਮਲ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਨਾਇਕ ਨੇ ਕਿਹਾ ਕਿ ਇਸ ਮਾਮਲੇ ਵਿਚ ਕਾਂਗਰਸ ਦਾ ਸਟੈਂਡ ਬਿਲਕੁਲ ਸਪੱਸ਼ਟ ਹੈ। ਉਨ੍ਹਾਂ ਕਿਹਾ ਕਿ ਮਾਲੀਵਾਲ ਨੂੰ ਆਪਣੇ ਕਾਨੂੰਨੀ ਹੱਕਾਂ ਦੀ ਸਮਝ ਹੈ ਕਿਉਂ ਜੋ ਉਹ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਹਿ ਚੁੱਕੀ ਹੈ। ਚੇਤੇ ਰਹੇ ਕਿ ਮਾਲੀਵਾਲ ਨੇ ਸੋਮਵਾਰ ਨੂੰ ਸਿਵਲ ਲਾਈਨਜ਼ ਪੁਲੀਸ ਥਾਣੇ ਵਿਚ ਜਾ ਕੇ ਸ਼ਿਕਾਇਤ ਦਰਜ ਕੀਤੀ ਸੀ ਕਿ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ’ਤੇ ਕੇਜਰੀਵਾਲ ਦੇ ਨਿੱਜੀ ਸਟਾਫ਼ ਨੇ ਉਸ ’ਤੇ ਹਮਲਾ ਕੀਤਾ। ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਮਾਲੀਵਾਲ ’ਤੇ ਹਮਲੇ ਦੀ ‘ਸਖ਼ਤ ਸ਼ਬਦਾਂ ’ਚ ਨਿਖੇਧੀ’ ਕੀਤੀ ਸੀ।

Spread the love