ਮਲੂਕਾ ਚੋਣ ਪਿੜ ਛੱਡ ਕੇ ਦੁਬਈ ਪੁੱਜੇ!

ਚਰਨਜੀਤ ਭੁੱਲਰ

ਚੰਡੀਗੜ੍ਹ, 17 ਮਈ 2024

ਪੰਜਾਬ ’ਚ ਜਦੋਂ ਲੋਕ ਸਭਾ ਚੋਣਾਂ ਦਾ ਪਿੜ ਭਖਿਆ ਹੋਇਆ ਤਾਂ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੁਬਈ ਚਲੇ ਗਏ ਹਨ। ਪਹਿਲੀ ਵਾਰ ਇੰਜ ਹੋਇਆ ਹੈ ਕਿ ਮਲੂਕਾ ਚੋਣਾਂ ਦੇ ਭਰੇ ਮੈਦਾਨ ’ਚੋਂ ਗ਼ੈਰਹਾਜ਼ਰ ਹੋ ਗਏ ਹੋਣ। ਉਨ੍ਹਾਂ ਦੀ ਨੂੰਹ ਪਰਮਪਾਲ ਕੌਰ ਸਿੱਧੂ ਬਠਿੰਡਾ ਤੋਂ ਭਾਜਪਾ ਉਮੀਦਵਾਰ ਵਜੋਂ ਚੋਣ ਲੜ ਰਹੀ ਹੈ। ਵੇਰਵਿਆਂ ਅਨੁਸਾਰ ਸਿਕੰਦਰ ਸਿੰਘ ਮਲੂਕਾ ਚੁੱਪ-ਚੁਪੀਤੇ ਹੀ 15 ਮਈ ਨੂੰ ਦੁਬਈ ਲਈ ਰਵਾਨਾ ਹੋ ਗਏ ਹਨ। ਉਸ ਤੋਂ ਪਹਿਲਾਂ ਉਹ ਪਿੰਡ ਮਲੂਕਾ ਵਿਚਲੇ ਘਰ ਵਿਚ ਹੀ ਰਹੇ ਅਤੇ ਚੋਣਾਂ ਨੂੰ ਲੈ ਕੇ ਉਨ੍ਹਾਂ ਨੇ ਬਿਲਕੁਲ ਖ਼ਾਮੋਸ਼ੀ ਧਾਰੀ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਨਾਲ ਉਨ੍ਹਾਂ ਦੇ ਮਨ-ਮੁਟਾਵ ਕਿਸੇ ਤੋਂ ਹੁਣ ਗੁੱਝੇ ਨਹੀਂ ਰਹੇ ਹਨ ਅਤੇ ਉਹ ਪਹਿਲੀ ਜੂਨ ਮਗਰੋਂ ਹੀ ਹੁਣ ਆਪਣੇ ਪੱਤੇ ਖੋਲ੍ਹ ਸਕਦੇ ਹਨ। ਪਰਮਪਾਲ ਕੌਰ ਸਿੱਧੂ ਨੇ 11 ਅਪਰੈਲ ਨੂੰ ਭਾਜਪਾ ਵਿਚ ਸ਼ਮੂਲੀਅਤ ਕੀਤੀ ਸੀ ਅਤੇ 16 ਅਪਰੈਲ ਨੂੰ ਭਾਜਪਾ ਨੇ ਉਨ੍ਹਾਂ ਨੂੰ ਬਠਿੰਡਾ ਹਲਕੇ ਤੋਂ ਉਮੀਦਵਾਰ ਐਲਾਨ ਦਿੱਤਾ ਸੀ। ਸ਼੍ਰੋਮਣੀ ਅਕਾਲੀ ਦਲ ਨੇ ਹਲਕਾ ਮੌੜ ਤੋਂ ਮਲੂਕਾ ਦੀ ਥਾਂ ਨਵਾਂ ਹਲਕਾ ਇੰਚਾਰਜ ਜਨਮੇਜਾ ਸਿੰਘ ਸੇਖੋਂ ਨੂੰ ਲਗਾ ਦਿੱਤਾ ਹੈ। ਸੂਤਰਾਂ ਮੁਤਾਬਕ ਮਲੂਕਾ ਨੇ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਤੋਂ ਇੱਕੋ ਜਿੰਨੀ ਦੂਰੀ ਬਣਾ ਕੇ ਰੱਖਣ ਦਾ ਫ਼ੈਸਲਾ ਕੀਤਾ ਹੈ।ਹਲਕਾ ਫ਼ਰੀਦਕੋਟ ਤੋਂ ਅਕਾਲੀ ਉਮੀਦਵਾਰ ਰਾਜਵਿੰਦਰ ਸਿੰਘ ਦੋ ਵਾਰ ਹਲਕਾ ਰਾਮਪੁਰਾ ਫੂਲ ਦੇ ਡੇਢ ਦਰਜਨ ਪਿੰਡਾਂ ਵਿਚ ਚੋਣ ਪ੍ਰਚਾਰ ਕਰ ਚੁੱਕੇ ਹਨ ਅਤੇ ਮਲੂਕਾ ਇਨ੍ਹਾਂ ਸਮਾਗਮਾਂ ਤੋਂ ਦੂਰ ਹੀ ਰਹੇ ਹਨ। ਪਹਿਲੀ ਦਫ਼ਾ ਰਾਜਵਿੰਦਰ ਸਿੰਘ 24 ਅਪਰੈਲ ਨੂੰ ਰਾਮਪੁਰਾ ਫੂਲ ਹਲਕੇ ਵਿਚ ਆਏ ਸਨ ਅਤੇ ਦੂਜੀ ਵਾਰ 11 ਮਈ ਨੂੰ ਅਕਾਲੀ ਉਮੀਦਵਾਰ ਨੇ 9 ਪਿੰਡਾਂ ਵਿਚ ਚੋਣ ਪ੍ਰਚਾਰ ਕੀਤਾ ਸੀ। ਰਾਜਵਿੰਦਰ ਸਿੰਘ ਨੇ ਪਿੰਡ ਮਲੂਕਾ ਵਿਚ ਵੀ ਚੋਣ ਸਮਾਗਮ ਕੀਤਾ ਸੀ ਪ੍ਰੰਤੂ ਮਲੂਕਾ ਉਸ ਚੋਂ ਵੀ ਗ਼ੈਰਹਾਜ਼ਰ ਰਹੇ। ਸੂਤਰਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਲੂਕਾ ਨਾਲ ਫ਼ੋਨ ’ਤੇ ਰਾਬਤਾ ਬਣਾਇਆ ਸੀ ਪ੍ਰੰਤੂ ਉਨ੍ਹਾਂ ਪਹਿਲੀ ਜੂਨ ਤੱਕ ਕੁੱਝ ਵੀ ਨਾ ਕਹਿਣ ਦਾ ਫ਼ੈਸਲਾ ਕੀਤਾ ਹੈ। ਸੁਖਬੀਰ ਸਿੰਘ ਬਾਦਲ 19 ਮਈ ਨੂੰ ਰਾਮਪੁਰਾ ਫੂਲ ’ਚ ਰੈਲੀ ਵਿਚ ਸ਼ਮੂਲੀਅਤ ਕਰਨਗੇ। ਮਲੂਕਾ ਨੇ ਪਿਛਲੇ ਦਿਨੀਂ ਇੱਕ ਇੰਟਰਵਿਊ ਵਿਚ ਅਕਾਲੀ ਦਲ ਨਾਲ ਆਪਣੀ ਨਾਰਾਜ਼ਗੀ ਦਾ ਵੀ ਖ਼ੁਲਾਸਾ ਕੀਤਾ ਸੀ। ਰਾਮਪੁਰਾ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਿੰਦਰ ਸਿੰਘ ਮਹਿਰਾਜ ਦਾ ਕਹਿਣਾ ਹੈ ਕਿ ਮਲੂਕਾ ਚਾਰ ਦਿਨਾਂ ਦੇ ਟੂਰ ਪ੍ਰੋਗਰਾਮ ਤਹਿਤ ਦੁਬਈ ਗਏ ਹਨ ਅਤੇ 19 ਮਈ ਨੂੰ ਵਾਪਸ ਆ ਜਾਣਗੇ।

Spread the love