ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਮਨੋਰੰਜਨ ਕਾਲੀਆ ਦੇ ਜਲੰਧਰ ਘਰ ‘ਚ ਬੀਤੀ ਸੋਮਵਾਰ-ਮੰਗਲਵਾਰ ਦੀ ਰਾਤ ਨੂੰ ਜ਼ੋਰਦਾਰ ਧਮਾਕਾ ਹੋਇਆ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਘਰ ਦੇ ਵਿੱਚ ਖੜੀ ਗੱਡੀ ਅਤੇ ਖਿੜਕੀਆਂ ‘ਤੇ ਲੱਗੇ ਸ਼ੀਸ਼ੇ ਟੁੱਟ ਗਏ। ਘਟਨਾ ਦੇ ਸਮੇਂ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਆਪਣੇ ਘਰ ਦੇ ਅੰਦਰ ਸੁੱਤੇ ਪਏ ਸਨ। ਉਨ੍ਹਾਂ ਦੇ ਹੋਰ ਪਰਿਵਾਰਕ ਮੈਂਬਰ ਵੀ ਘਰ ਦੇ ਅੰਦਰ ਸਨ।ਇਸ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਪਰ ਸਾਬਕਾ ਮੰਤਰੀ ਦੇ ਘਰ ਦੇ ਵਿਹੜੇ ਵਿੱਚ ਹੋਏ ਧਮਾਕੇ ਨਾਲ ਕਾਫ਼ੀ ਤਬਾਹੀ ਮਚੀ ਹੈ। ਦੱਸਿਆ ਜਾ ਰਿਹਾ ਹੈ ਕਿ 3 ਹਮਲਾਵਰ ਈ-ਰਿਕਸ਼ਾ ਅਤੇ ਬਾਈਕ ‘ਤੇ ਸਵਾਰ ਹੋ ਕੇ ਆਏ ਸਨ। ਜਿਨ੍ਹਾਂ ‘ਚੋਂ ਇੱਕ ਆਰੋਪੀ ਨੇ ਈ-ਰਿਕਸ਼ਾ ਤੋਂ ਹੇਠਾਂ ਉਤਰ ਕੇ ਹੈਂਡ ਗ੍ਰਨੇਡ ਦਾ ਲੀਵਰ ਕੱਢ ਕੇ ਸਾਬਕਾ ਮੰਤਰੀ ਦੇ ਘਰ ਅੰਦਰ ਸੁੱਟ ਦਿੱਤਾ। ਜਿਸ ਤੋਂ ਬਾਅਦ ਜ਼ੋਰਦਾਰ ਧਮਾਕਾ ਹੋਇਆ।ਮਿਲੀ ਜਾਣਕਾਰੀ ਅਨੁਸਾਰ ਮਨੋਰੰਜਨ ਕਾਲੀਆ ਨੂੰ ਪੰਜਾਬ ਪੁਲਿਸ ਦੀ ਸੁਰੱਖਿਆ ਪ੍ਰਾਪਤ ਹੈ। ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ 4 ਗੰਨਮੈਨ ਅਲਾਟ ਕੀਤੇ ਗਏ ਹਨ। ਸਾਬਕਾ ਕੈਬਨਿਟ ਮੰਤਰੀ ਦਾ ਸੁਰੱਖਿਆ ਇੰਚਾਰਜ ਨਿਸ਼ਾਨ ਸਿੰਘ ਹੈ, ਜੋ ਹਮਲੇ ਤੋਂ ਤੁਰੰਤ ਬਾਅਦ ਬਾਹਰ ਆ ਗਏ ਸਨ। ਇਹ ਧਮਾਕਾ ਜਲੰਧਰ ਦੇ ਸਭ ਤੋਂ ਪ੍ਰਮੁੱਖ ਖੇਤਰ ਸ਼ਾਸਤਰੀ ਮਾਰਕੀਟ ਚੌਕ ਦੇ ਨੇੜੇ ਸਵੇਰੇ 1.03 ਤੋਂ 1.07 ਵਜੇ ਦੇ ਵਿਚਕਾਰ ਹੋਇਆ।
