5 ਲੱਖ ਕਿਸਾਨਾਂ ਦੇ 2-2 ਰੁਪਏ ਨਾਲ ਬਣੀ ਮੰਥਨ ਫਿਲਮ 48 ਸਾਲ ਬਾਅਦ ਕਾਨਜ਼ ਫੈਸਟੀਵਲ ਚ ਪਹੁੰਚੀ

1970 ਦੇ ਦਹਾਕੇ ਦੇ ਅੱਧ ਵਿੱਚ ਭਾਰਤ ਦੇ ਪੱਛਮੀ ਸੂਬੇ ਗੁਜਰਾਤ ਵਿੱਚ ਪੰਜ ਲੱਖ ਡੇਅਰੀ ਕਿਸਾਨਾਂ ਨੇ ਇੱਕ ਵਿਲੱਖਣ ਫਿਲਮ ਬਣਾਉਣ ਲਈ ਦੋ-ਦੋ ਰੁਪਏ ਦਾ ਯੋਗਦਾਨ ਪਾਇਆ ਸੀ।ਪ੍ਰਸਿੱਧ ਫਿਲਮ ਨਿਰਮਾਤਾ ਸ਼ਿਆਮ ਬੈਨੇਗਲ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਮੰਥਨ’ (ਯਾਨੀ ਰਿੜਕਣਾ) ਦੇਸ ਦੀ ਪਹਿਲੀ ਸਾਂਝੇ ਪੈਸਿਆਂ ਨਾਲ ਬਣੀ ਫ਼ਿਲਮ ਸੀ।ਸਾਲ 1976 ਵਿੱਚ ਬਣੀ 134 ਮਿੰਟ ਦੀ ਇਹ ਫਿਲਮ ਡੇਅਰੀ ਸਹਿਕਾਰੀ ਅੰਦੋਲਨ ਦੀ ਉਤਪਤੀ ਦੀ ਕਾਲਪਨਿਕ ਕਹਾਣੀ ਸੀ। ਇਸ ਅੰਦੋਲਨ ਨੇ ਭਾਰਤ ਨੂੰ ਦੁੱਧ ਦੀ ਘਾਟ ਵਾਲੇ ਦੇਸ ਤੋਂ ਦੁਨੀਆਂ ਦੇ ਪ੍ਰਮੁੱਖ ਦੁੱਧ ਉਤਪਾਦਕ ਦੇਸ ਵਿੱਚ ਬਦਲ ਦਿੱਤਾ ਸੀ।ਇਸ ਕਹਾਣੀ ਦੀ ਪ੍ਰੇਰਣਾ ਵਰਗੀਸ ਕੁਰੀਅਨ ਸਨ, ਜਿਨ੍ਹਾਂ ਨੂੰ ਦੇਸ ਵਿੱਚ ਦੁੱਧ ਦੇ ਉਤਪਾਦਨ ਵਿੱਚ ਕ੍ਰਾਂਤੀ ਲਿਆਉਣ ਲਈ ‘ਮਿਲਕਮੈਨ ਆਫ ਇੰਡੀਆ’ ਵਜੋਂ ਜਾਣਿਆ ਜਾਂਦਾ ਹੈ।ਭਾਰਤ ਅੱਜ ਵਿਸ਼ਵ ਦੁੱਧ ਉਤਪਾਦਨ ਦਾ ਲਗਭਗ ਇੱਕ ਚੌਥਾਈ ਹਿੱਸਾ ਪੈਦਾ ਕਰਦਾ ਹੈ।ਇਸ ਫਿਲਮ ਦੇ ਨਿਰਮਾਣ ਤੋਂ ਲਗਭਗ 50 ਸਾਲ ਬਾਅਦ ਪੂਰੀ ਤਰ੍ਹਾਂ ਰੀ-ਸਟੋਰ ਕੀਤੀ ਗਈ ਇਸ ‘ਮੰਥਨ’ ਦਾ ਇਸ ਹਫ਼ਤੇ ਕਾਨਜ਼ ਫਿਲਮ ਫੈਸਟੀਵਲ ਵਿੱਚ ਰੈੱਡ ਕਾਰਪੈੱਟ ਵਰਲਡ ਪ੍ਰੀਮੀਅਰ ਹੋ ਰਿਹਾ ਹੈ, ਜਿਸ ਵਿੱਚ ਜੀਨ-ਲੁਕ ਗੋਡਾਰਡ, ਅਕੀਰਾ ਕੁਰੋਸਾਵਾ ਅਤੇ ਵਿਮ ਵੈਂਡਰਸ ਦੀਆਂ ਕਲਾਸਿਕ ਫਿਲਮਾਂ ਵੀ ਸ਼ਾਮਲ ਹੋਣਗੀਆਂ।ਐਵਾਰਡ ਜੇਤੂ ਫ਼ਿਲਮ ਨਿਰਮਾਤਾ, ਆਰਕਾਈਵਿਸਟ ਅਤੇ ਰੀਸਟੋਰਰ ਸ਼ਵਿੰਦਰ ਸਿੰਘ ਡੂੰਗਰਪੁਰ ਮੁਤਾਬਕ ਫਿਲਮ ਨੂੰ ਰੀ-ਸਟੋਰ ਕਰਨਾ ਇੱਕ ਚੁਣੌਤੀ ਸੀ।‘ਮੰਥਨ’ ਫਿਲਮ ਦਾ ਸਿਰਫ਼ ਇੱਕ ਖਰਾਬ ਨੈਗੇਟਿਵ ਅਤੇ ਦੋ ਫਿੱਕੇ ਹੋਏ ਪ੍ਰਿੰਟ ਬਚੇ ਸਨ। ਨੈਗੇਟਿਵ ਉੱਲੀ ਕਾਰਨ ਗਲ਼ ਗਿਆ ਸੀ, ਜਿਸ ਦੇ ਕਾਫ਼ੀ ਸਾਰੇ ਹਿੱਸੇ ਵਿੱਚ ਖੜ੍ਹਵੀਆਂ ਹਰੀਆਂ ਲਾਈਨਾਂ ਬਣ ਗਈਆਂ ਸਨ।ਸਾਊਂਡ ਨੈਗੇਟਿਵ ਪੂਰੀ ਤਰ੍ਹਾਂ ਨਸ਼ਟ ਹੋ ਗਿਆ ਸੀ, ਜਿਸ ਨਾਲ ਰੀ-ਸਟੋਰ ਕਰਨ ਵਾਲਿਆਂ ਨੂੰ ਇਕੱਲੇ ਬਚੇ ਹੋਏ ਪ੍ਰਿੰਟ ਤੋਂ ਪ੍ਰਾਪਤ ਸਾਊਂਡ ’ਤੇ ਹੀ ਨਿਰਭਰ ਰਹਿਣਾ ਪਿਆ।ਇਸ ਨੂੰ ਰੀ-ਸਟੋਰ ਕਰਨ ਵਾਲਿਆਂ ਨੇ ਨੈਗੇਟਿਵ ਅਤੇ ਇੱਕ ਪ੍ਰਿੰਟ ਨੂੰ ਬਚਾ ਲਿਆ। ਉਨ੍ਹਾਂ ਨੇ ਪ੍ਰਿੰਟ ਤੋਂ ਸਾਊਂਡ ਲਈ ਅਤੇ ਉਸ ਨੂੰ ਡਿਜੀਟਲਾਈਜ਼ ਕੀਤਾ ਅਤੇ ਫਿਲਮ ਨੂੰ ਠੀਕ ਕੀਤਾ।ਸਕੈਨਿੰਗ ਅਤੇ ਡਿਜੀਟਲ ਕਲੀਨ-ਅੱਪ ਦਾ ਕੰਮ ਚੇਨਈ ਸਥਿਤ ਲੈਬ ਵਿੱਚ ਮਸ਼ਹੂਰ ਬੋਲੋਗਨਾ ਆਧਾਰਿਤ ਫਿਲਮ ਰੀਸਟੋਰੇਸ਼ਨ ਲੈਬ ਦੀ ਨਿਗਰਾਨੀ ਹੇਠ ਕੀਤਾ ਗਿਆ, ਜਿਸ ਵਿੱਚ ਬੈਨੇਗਲ ਅਤੇ ਉਨ੍ਹਾਂ ਦੇ ਲੰਬੇ ਸਮੇਂ ਦੇ ਸਿਨੇਮੈਟੋਗ੍ਰਾਫਰ ਗੋਵਿੰਦ ਨਿਹਲਾਨੀ ਦੋਵੇਂ ਰਲ ਕੇ ਇਸ ਪ੍ਰਾਜੈਕਟ ਦੀ ਨਿਗਰਾਨੀ ਕਰ ਰਹੇ ਸਨ।ਫਿਲਮ ਦੀ ਸਾਊਂਡ ਨੂੰ ਬੋਲੋਗਨਾ ਲੈਬ ਵਿੱਚ ਠੀਕ ਕੀਤਾ ਗਿਆ ਅਤੇ ਉਸ ਵਿੱਚ ਸੁਧਾਰ ਕੀਤਾ ਗਿਆ।ਫਿਰ 17 ਮਹੀਨਿਆਂ ਬਾਅਦ ‘ਮੰਥਨ’ ਅਲਟਰਾ ਹਾਈ ਡੈਫੀਨੇਸ਼ਨ 4ਕੇ ਵਿੱਚ ਮੁੜ ਤਿਆਰ ਹੋਈ। ਭਾਰਤੀ ਸਿਨੇਮਾ ਦੇ ਦਿੱਗਜਾਂ ਵਿੱਚੋਂ ਇੱਕ ਬੈਨੇਗਲ ਕਹਿੰਦੇ ਹਨ ਕਿ ਇਹ ਫਿਲਮ ਉਨ੍ਹਾਂ ਦੇ ਦਿਲ ਦੇ ਬਹੁਤ ਕਰੀਬ ਹੈ।89 ਸਾਲਾ ਬੈਨੇਗਲ ਕਹਿੰਦੇ ਹਨ, ‘‘ਇਹ ਦੇਖਣਾ ਅਦਭੁੱਤ ਅਨੁਭਵ ਹੈ ਕਿ ਫਿਲਮ ਮੁੜ ਤੋਂ ਸਾਹਮਣੇ ਆ ਗਈ ਹੈ, ਜਿਵੇਂ ਅਸੀਂ ਇਸ ਨੂੰ ਕੱਲ੍ਹ ਹੀ ਬਣਾਇਆ ਹੋਵੇ। ਇਹ ਪਹਿਲੇ ਪ੍ਰਿੰਟ ਨਾਲੋਂ ਵੀ ਵਧੀਆ ਲੱਗ ਰਹੀ ਹੈ।’’ਬੈਨੇਗਲ ਦੱਸਦੇ ਹਨ ਕਿ ਕੁਰੀਅਨ ਤੋਂ ਪ੍ਰੇਰਣਾ ਲੈ ਕੇ ਉਨ੍ਹਾਂ ਨੇ ਓਪਰੇਸ਼ਨ ਫਲੱਡ – ਭਾਰਤ ਦੀ ਦੁੱਧ ਦੀ ਕ੍ਰਾਂਤੀ ਅਤੇ ਪੇਂਡੂ ਮਾਰਕੀਟਿੰਗ ਪਹਿਲਕਦਮੀਆਂ ’ਤੇ ਕਈ ਦਸਤਾਵੇਜ਼ੀ ਫਿਲਮਾਂ ਬਣਾਈਆਂ ਸਨ।ਜਦੋਂ ਉਨ੍ਹਾਂ ਨੇ ਕੁਰੀਅਨ ਨੂੰ ਇੱਕ ਫੀਚਰ ਫਿਲਮ ਦਾ ਸੁਝਾਅ ਦਿੱਤਾ ਅਤੇ ਕਿਹਾ ਕਿ ਡਾਕੂਮੈਂਟਰੀਜ਼ ਮੁੱਖ ਤੌਰ ‘ਤੇ ਉਨ੍ਹਾਂ ਲੋਕਾਂ ਤੱਕ ਪਹੁੰਚਦੀਆਂ ਹਨ ਜੋ ‘ਇਸ ਮੁੱਦੇ ਨੂੰ ਪ੍ਰਣਾਏ ਜਾਂਦੇ ਹਨ’’ ਤਾਂ ਕੁਰੀਅਨ ਨੇ ਇਸ ਨੂੰ ਟਾਲ ਦਿੱਤਾ।ਉਨ੍ਹਾਂ ਨੇ ਬੈਨੇਗਲ ਨੂੰ ਕਿਹਾ ਕਿ ਫਿਲਮ ਬਣਾਉਣ ਲਈ ਪੈਸੇ ਨਹੀਂ ਹਨ ਕਿਉਂਕਿ ਉਨ੍ਹਾਂ ਨੇ ਕਿਸਾਨਾਂ ਤੋਂ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਸੀ।‘ਮੰਥਨ’ ਨੂੰ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਸਮੇਤ ਦੁਨੀਆਂ ਭਰ ਵਿੱਚ ਵਿਆਪਕ ਤੌਰ ‘ਤੇ ਦਿਖਾਇਆ ਗਿਆ ਸੀ ਅਤੇ ਦੇਸ਼ ਵਿੱਚ ਇਸ ਨੂੰ ਰਾਸ਼ਟਰੀ ਪੁਰਸਕਾਰ ਮਿਲਿਆ ਸੀ।‘ਮੰਥਨ’ ਦੀ ਸਫਲਤਾ ਨੇ ਕੁਰੀਅਨ ਨੂੰ ਇੱਕ ਹੋਰ ਵਿਚਾਰ ਦਿੱਤਾ। ਦੁੱਧ ਦੀ ਕ੍ਰਾਂਤੀ ਦਾ ਪ੍ਰਚਾਰ ਕਰਨ ਲਈ ਫਿਲਮ ਦੀ ਵਰਤੋਂ ਕਰਦੇ ਹੋਏ, ਉਨ੍ਹਾਂ ਨੇ ਦੇਸ ਭਰ ਦੇ ਪਿੰਡਾਂ ਵਿੱਚ 16ਐੱਮਐੱਮ ਪ੍ਰਿੰਟ ਵੰਡੇ ਅਤੇ ਕਿਸਾਨਾਂ ਨੂੰ ਆਪਣੀਆਂ ਸਹਿਕਾਰੀ ਸਭਾਵਾਂ ਸਥਾਪਤ ਕਰਨ ਦੀ ਅਪੀਲ ਕੀਤੀ।ਅਸਲ ਜ਼ਿੰਦਗੀ ਵਿੱਚ ਵੀ ਫਿਲਮ ਦੀ ਨਕਲ ਕਰਦੇ ਹੋਏ, ਉਨ੍ਹਾਂ ਨੇ ਵੈਟਰਨਰੀ ਡਾਕਟਰ, ਦੁੱਧ ਟੈਕਨੀਸ਼ੀਅਨ ਅਤੇ ਪਸ਼ੂਆਂ ਦੇ ਚਾਰੇ ਦੇ ਮਾਹਰਾਂ ਦੀਆਂ ਟੀਮਾਂ ਬਣਾ ਕੇ ਕਿਸਾਨਾਂ ਨੂੰ ਫਿਲਮ ਵੰਡਣ ਅਤੇ ਦਿਖਾਉਣ ਲਈ ਭੇਜੀਆਂ ਸਨ। _BBC

Spread the love