ਬੰਦੂਕਧਾਰੀਆਂ ਵੱਲੋਂ ਬਾਰ ’ਚ ਗੋਲੀਬਾਰੀ, 10 ਹਲਾਕ

ਮੈਕਸਿਕੋ ਦੇ ਕੁਏਰੇਟਾਰੋ ਸੂਬੇ ਵਿੱਚ ਬੰਦੂਕਧਾਰੀਆਂ ਵੱਲੋਂ ਇੱਕ ਬਾਰ ਵਿੱਚ ਕੀਤੀ ਗੋਲੀਬਾਰੀ ’ਚ ਦਸ ਜਣਿਆਂ ਦੀ ਮੌਤ ਹੋ ਗਈ ਜਦੋਂਕਿ ਸੱਤ ਹੋਰ ਜ਼ਖ਼ਮੀ ਹੋ ਗਏ। ਸਥਾਨਕ ਮੀਡੀਆ ਮੁਤਾਬਕ, ਹਮਲਾਵਰ ਬਾਰ ਵਿੱਚ ਦਾਖ਼ਲ ਹੋਏ ਅਤੇ ਉਥੇ ਬੈਠੇ ਲੋਕਾਂ ਤੇ ਸਟਾਫ ਨੂੰ ਨਿਸ਼ਾਨਾ ਬਣਾਇਆ। ਅਧਿਕਾਰੀ ਘਟਨਾ ਦੀ ਜਾਂਚ ਕਰ ਰਹੇ ਹਨ ਕਿਉਂਕਿ ਇਸ ਖੇਤਰ ਵਿੱਚ ਪਹਿਲਾਂ ਵੀ ਹਿੰਸਾ ਹੋ ਚੁੱਕੀ ਹੈ। ਸੂਬੇ ਦੇ ਅਟਾਰਨੀ ਜਨਰਲ ਤੇ ਕੁਏਰੇਟਾਰੇ ਸ਼ਹਿਰ ਦੇ ਮੁੱਖ ਸੁਰੱਖਿਆ ਅਧਿਕਾਰੀ ਨੇ ਕਿਹਾ ਕਿ ਇਹ ਘਟਨਾ ਸੂਬੇ ਦੀ ਰਾਜਧਾਨੀ (ਕੁਏਰੇਟਾਰੋ) ਦੇ ਨੇੜਲੇ ਖੇਤਰ ਵਿੱਚ ਵਾਪਰੀ। ਚਾਰ ਹਮਲਾਵਰ ਇੱਕ ਬਾਰ ਵਿੱਚ ਦਾਖ਼ਲ ਹੋਏ ਅਤੇ ਤਿੰਨ ਔਰਤਾਂ ਸਮੇਤ ਦਸ ਜਣਿਆਂ ’ਤੇ ਗੋਲੀਬਾਰੀ ਕਰ ਦਿੱਤੀ। ਜ਼ਿਕਰਯੋਗ ਹੈ ਕਿ ਕੁਏਰੇਟਾਰੋ ਨੂੰ ਮੈਕਸਿਕੋ ਦੇ ਹੋਰ ਖੇਤਰਾਂ ਨਾਲੋਂ ਵੱਧ ਸੁਰੱਖਿਅਤ ਮੰਨਿਆ ਜਾਂਦਾ ਹੈ। ਕੁਏਰੇਟਾਰੋ ਦੇ ਗਵਰਨਰ ਮੌਰੀਸ਼ੀਓ ਕੁਰੀ ਨੇ ਕਿਹਾ, ‘‘ਮੈਂ ਕੁਏਰੇਟਾਰੋ ਵਾਸੀਆਂ ਨੂੰ ਯਕੀਨੀ ਦਿਵਾਉਂਦਾ ਹਾਂ ਕਿ ਇਸ ਹਰਕਤ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਮਿਲੇਗੀ, ਅਸੀਂ ਆਪਣੀਆਂ ਸਰਹੱਦਾਂ ਨੂੰ ਸੀਲ ਕਰਨਾ ਜਾਰੀ ਰੱਖਾਂਗੇ ਅਤੇ ਆਪਣੇ ਸੂਬੇ ਦੀ ਸੁਰੱਖਿਆ ਬਰਕਰਾਰ ਰੱਖਾਂਗੇ।’’ -ਰਾਇਟਰਜ਼

Spread the love