ਭਾਰਤੀ ਬਾਜ਼ਾਰ ’ਚ ਵਿਕਣ ਵਾਲੇ ਨਮਕ ਅਤੇ ਖੰਡ ਬ੍ਰਾਂਡਾਂ ’ਚ ਮਾਈਕ੍ਰੋਪਲਾਸਟਿਕਸ ਪਾਏ ਗਏ ਹਨ, ਚਾਹੇ ਉਹ ਵੱਡੇ ਬ੍ਰਾਂਡਾਂ, ਛੋਟੇ ਬ੍ਰਾਂਡਾਂ ਦੇ ਹੋਣ, ਪੈਕ ਕੀਤੇ ਗਏ ਹੋਣ ਜਾਂ ਖੁੱਲ੍ਹੇ ’ਚ ਵੇਚੇ ਜਾਣ ਵਾਲੇ ਹੋਣ। ਇਹ ਦਾਅਵਾ ਮੰਗਲਵਾਰ ਨੂੰ ਪ੍ਰਕਾਸ਼ਿਤ ਇਕ ਅਧਿਐਨ ’ਚ ਕੀਤਾ ਗਿਆ ਹੈ।ਵਾਤਾਵਰਣ ਖੋਜ ਸੰਗਠਨ ਟੌਕਸਿਕਸ ਲਿੰਕ ਨੇ ‘ਨਮਕ ਅਤੇ ਖੰਡ ਵਿਚ ਮਾਈਕ੍ਰੋ ਪਲਾਸਟਿਕਸ’ ਸਿਰਲੇਖ ਵਾਲਾ ਅਧਿਐਨ ਕੀਤਾ ਸੀ। ਸੰਗਠਨ ਨੇ ਇਸ ਸਿੱਟੇ ’ਤੇ ਪਹੁੰਚਣ ਲਈ ਟੇਬਲ ਨਮਕ, ਸੇਂਧਾ ਨਮਕ, ਸਮੁੰਦਰੀ ਨਮਕ ਅਤੇ ਸਥਾਨਕ ਕੱਚੇ ਨਮਕ ਸਮੇਤ 10 ਕਿਸਮਾਂ ਦੇ ਨਮਕ ਦਾ ਅਧਿਐਨ ਕੀਤਾ। ਉਨ੍ਹਾਂ ਨੇ ਆਨਲਾਈਨ ਅਤੇ ਸਥਾਨਕ ਬਾਜ਼ਾਰਾਂ ਤੋਂ ਖਰੀਦੀ ਗਈ ਪੰਜ ਕਿਸਮਾਂ ਦੀ ਖੰਡ ਦੀ ਵੀ ਜਾਂਚ ਕੀਤੀ।ਅਧਿਐਨ ਦੌਰਾਨ, ਨਮਕ ਅਤੇ ਖੰਡ ਦੇ ਸਾਰੇ ਨਮੂਨਿਆਂ ’ਚ ਮਾਈਕ੍ਰੋਪਲਾਸਟਿਕਸ ਦੀ ਮੌਜੂਦਗੀ ਦਾ ਪਤਾ ਲਗਾਇਆ ਗਿਆ ਜੋ ਫਾਈਬਰ, ਪੈਲੇਟ ਫਿਲਮ ਅਤੇ ਟੁਕੜਿਆਂ ਸਮੇਤ ਵੱਖ-ਵੱਖ ਰੂਪਾਂ ’ਚ ਮੌਜੂਦ ਸਨ। ਇਨ੍ਹਾਂ ਮਾਈਕ੍ਰੋ ਪਲਾਸਟਿਕਸ ਦਾ ਆਕਾਰ 0.1 ਮਿਲੀਮੀਟਰ (ਮਿਲੀਮੀਟਰ) ਤੋਂ ਲੈ ਕੇ ਪੰਜ ਮਿਲੀਮੀਟਰ ਤਕ ਸੀ। ਖੋਜ ਪੱਤਰ ਅਨੁਸਾਰ, ਆਇਓਡਾਈਜ਼ਡ ਨਮਕ ’ਚ ਬਹੁ-ਰੰਗੀ ਪਤਲੇ ਰੇਸ਼ੇ ਅਤੇ ਫਿਲਮਾਂ ਦੇ ਰੂਪ ’ਚ ਮਾਈਕ੍ਰੋਪਲਾਸਟਿਕਸ ਦੀ ਸੱਭ ਤੋਂ ਵੱਧ ਮਾਤਰਾ ਪਾਈ ਗਈ।