ਮਸਕ 2027 ਤੱਕ ਬਣ ਸਕਦੇ ਹਨ ਦੁਨੀਆ ਦੇ ਪਹਿਲੇ ਖਰਬਪਤੀ

ਟੈਸਲਾ ਅਤੇ ਸਪੇਸ ਐਕਸ ਦੇ ਸੀਈਓ ਐਲੋਨ ਮਸਕ ਸਾਲ 2027 ਤਕ ਦੁਨੀਆ ਦੇ ਪਹਿਲ ਖਰਬਪਤੀ ਬਣ ਸਕਦੇ ਹਨ। ਇਹ ਖੁਲਾਸਾ ਇਨਫੌਰਮਾ ਕੁਨੈਕਟ ਅਕਾਦਮੀ ਦੀ ਰਿਪੋਰਟ ਤੋਂ ਹੋਇਆ ਹੈ। ਇਸ ਤੋਂ ਇਲਾਵਾ ਭਾਰਤ ਦੇ ਉੱਘੇ ਕਾਰੋਬਾਰੀ ਗੌਤਮ ਅਡਾਨੀ ਵੀ ਇਹ ਦਰਜਾ ਉਸ ਤੋਂ ਅਗਲੇ ਸਾਲ 2028 ਤਕ ਹਾਸਲ ਕਰ ਸਕਦੇ ਹਨ। ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ 2033 ਵਿੱਚ ਖਰਬਪਤੀ ਬਣ ਸਕਦੇ ਹਨ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ 237 ਅਰਬ ਡਾਲਰ ਦੀ ਕੁੱਲ ਜਾਇਦਾਦ ਨਾਲ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਮਸਕ ਲਈ ਦੁਨੀਆ ਦੇ ਪਹਿਲੇ ਖਰਬਪਤੀ ਬਣਨ ਲਈ 110 ਫੀਸਦੀ ਦੀ ਔਸਤ ਸਾਲਾਨਾ ਦਰ ਨਾਲ ਵਿਕਾਸ ਕਰਨ ਦੀ ਲੋੜ ਹੈ। ਅਡਾਨੀ ਕੋਲ ਇਸ ਵੇਲੇ 100 ਅਰਬ ਡਾਲਰ ਤੋਂ ਘੱਟ ਦੀ ਦੌਲਤ ਹੈ ਤੇ ਉਹ ਵਿਸ਼ਵ ਅਰਬਪਤੀ ਸੂਚਕ ਅੰਕ ਵਿੱਚ 13ਵੇਂ ਸਥਾਨ ’ਤੇ ਹੈ ਤੇ ਉਹ ਸਾਲ 2028 ਤਕ ਦੂਜੇ ਖਰਬਪਤੀ ਬਣ ਸਕਦੇ ਹਨ। ਅੰਬਾਨੀ 111 ਅਰਬ ਡਾਲਰ ਦੀ ਜਾਇਦਾਦ ਨਾਲ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਹਨ ਤੇ ਉਹ 2033 ਵਿੱਚ ਇਹੀ ਦਰਜਾ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ ਹੋਰ ਕੰਪਨੀਆਂ ਵੀ ਖਰਬਪਤੀਆਂ ਦੀ ਸੂਚੀ ਵਿਚ ਆਉਣ ਲਈ ਤਿਆਰ ਹਨ। ਇਨ੍ਹਾਂ ਵਿੱਚ ਤਾਇਵਾਨ ਦੀ ਸੈਮੀਕੰਡਕਟਰ ਨਿਰਮਾਤਾ ਕੰਪਨੀ ਟੀਐਸਐਮਸੀ ਸ਼ਾਮਲ ਹੈ। ਇਸ ਤੋਂ ਬਾਅਦ ਬਰਕਸ਼ਾਇਰ ਹੈਥਵੇਅ, ਫਾਰਮਾ ਕੰਪਨੀ ਐਲੀ ਲਿਲੀ, ਤਕਨਾਲੋਜੀ ਕੰਪਨੀ ਬਰੌਡਕਾਮ ਸ਼ਾਮਲ ਹਨ।

Spread the love