ਨਿਊਯਾਰਕ ਵਿੱਚ ਇੰਡੀਆ ਡੇਅ ਪਰੇਡ ਵਿੱਚ ਰਾਮ ਮੰਦਰ ਦੀ ਝਾਕੀ ਖ਼ਿਲਾਫ਼ ਮੁਸਲਿਮ ਜਥੇਬੰਦੀਆਂ ਨੇ ਕੀਤਾ ਵਿਰੋਧ

ਨਿਊਯਾਰਕ ਸ਼ਹਿਰ ਵਿੱਚ ਇੰਡੀਆ-ਡੇਅ ਪਰੇਡ ਕੱਢ ਕੇ ਭਾਰਤ ਦਾ ਸੁਤੰਤਰਤਾ ਦਿਵਸ ਮਨਾਇਆ ਗਿਆ
ਨਿਊਯਾਰਕ, 20 ਅਗਸਤ (ਰਾਜ ਗੋਗਨਾ)- ਭਾਰਤ ਦਾ ਸੁਤੰਤਰਤਾ ਦਿਵਸ ਨਿਊਯਾਰਕ ਸਿਟੀ ਵਿੱਚ ਇੰਡੀਆ-ਡੇਅ ਪਰੇਡ ਕੱਢ ਕੇ ਮਨਾਇਆ ਜਾਂਦਾ ਹੈ ਅਤੇ ਇਸ ਸਾਲ ਇਸ ਪਰੇਡ ਵਿੱਚ ਅਯੁੱਧਿਆ ਦੇ ਰਾਮ ਮੰਦਿਰ ਦੀ ਝਾਕੀ ਦਾ ਮੁਸਲਿਮ ਸੰਗਠਨਾਂ ਨੇ ਵਿਰੋਧ ਕੀਤਾ ਹੈ। ਕਈ ਸੰਗਠਨਾਂ ਨੇ ਇਸ ਨੂੰ ਮੁਸਲਿਮ ਵਿਰੋਧੀ ਕਰਾਰ ਦਿੱਤਾ ਹੈ।ਕੌਂਸਲ ਆਫ ਅਮਰੀਕਨ-ਇਸਲਾਮਿਕ ਰਿਲੇਸ਼ਨਜ਼, ਇੰਡੀਅਨ ਅਮਰੀਕਨ ਮੁਸਲਿਮ ਕੌਂਸਲ ਅਤੇ ਹਿੰਦੂਜ਼ ਫਾਰ ਹਿਊਮਨ ਰਾਈਟਸ ਨੇ ਨਿਊਯਾਰਕ ਸਿਟੀ ਕੌਂਸਲ ਦੇ ਮੇਅਰ ਐਰਿਕ ਐਡਮਜ਼ ਨੂੰ ਇੱਕ ਪੱਤਰ ਲਿਖ ਕੇ ਝਾਂਕੀ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਮਸਜਿਦ ਨੂੰ ਢਾਹੇ ਜਾਣ ਦੀ ਵਡਿਆਈ ਕਰਦਾ ਹੈ। ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ, ਪਰ ਇਹ ਹਿੰਦੂ ਸੋਚ ਨੂੰ ਦਰਸਾਉਂਦਾ ਹੈ।ਹਾਲਾਂਕਿ, ਆਯੋਜਕ ਹਿੰਦੂ ਅਮਰੀਕਨ ਐਸੋਸੀਏਸ਼ਨ ਨੇ ਝਾਂਕੀ ਨੂੰ ਹਟਾਉਣ ਦੀ ਮੰਗ ਨੂੰ ਰੱਦ ਕਰ ਦਿੱਤਾ। ਅਤੇ ਕਿਹਾ ਕਿ ਝਾਂਕੀ ਲੱਖਾਂ ਹਿੰਦੂਆਂ ਲਈ ਇੱਕ ਮਹੱਤਵਪੂਰਨ ਪਵਿੱਤਰ ਸਥਾਨ ਨੂੰ ਦਰਸਾਉਂਦੀ ਹੈ ਅਤੇ ਅਸੀਂ ਹਿੰਸਾ ਅਤੇ ਨਫ਼ਰਤ ਦੇ ਦੋਸ਼ਾਂ ਨੂੰ ਰੱਦ ਕਰਦੇ ਹਾਂ। ਇਹ ਮੰਦਰ ਕਿਸੇ ਧਾਰਮਿਕ ਸਥਾਨ ਨੂੰ ਹਟਾ ਕੇ ਨਹੀਂ ਬਣਾਇਆ ਗਿਆ ਹੈ, ਸਗੋਂ ਪਹਿਲਾਂ ਇਹ ਹਿੰਦੂ ਮੰਦਰ ਸੀ। ਇਹ ਪ੍ਰਗਟਾਵੇ ਦੀ ਆਜ਼ਾਦੀ ਦੀ ਕੋਸ਼ਿਸ਼ ਹੈ। ਪਰੇਡ ਵਿੱਚ ਭਾਰਤ ਦੀ ਵਿਭਿੰਨਤਾ ਨੂੰ ਦਰਸਾਉਂਦੀਆਂ ਝਾਕੀਆਂ ਪੇਸ਼ ਕੀਤੀਆਂ ਜਾਣਗੀਆਂ।ਇਸ ਮੁੱਦੇ ‘ਤੇ ਮੇਅਰ ਐਰਿਕ ਐਡਮਜ਼ ਨੇ ਚਾਰ ਦਿਨ ਪਹਿਲਾਂ ਕਿਹਾ ਸੀ ਕਿ ਅਮਰੀਕਾ ‘ਚ ਨਫ਼ਰਤ ਦੀ ਕੋਈ ਥਾਂ ਨਹੀਂ ਹੈ। ਇੱਕ ਝਾਂਕੀ ਨਫ਼ਰਤ ਵਾਲੀ ਨਹੀਂ ਹੋਣੀ ਚਾਹੀਦੀ, ਪਰ ਬੋਲਣ ਦੀ ਆਜ਼ਾਦੀ ਦਾ ਅਧਿਕਾਰ ਅਮਰੀਕੀ ਸੰਵਿਧਾਨ ਵਿੱਚ ਦਰਜ ਹੈ।

Spread the love