ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੱਧੂ ਨੇ ਆਖਿਆ ਕਿ ਅੰਮ੍ਰਿਤਸਰ ਵਾਸੀਆਂ ਨਾਲ ਉਸ ਨੇ ਵਾਅਦਾ ਕੀਤਾ ਸੀ ਕਿ ਜੇਕਰ ਉਹ ਚੋਣ ਲੜੇਗਾ ਤਾਂ ਸਿਰਫ਼ ਅੰਮ੍ਰਿਤਸਰ ਤੋਂ ਹੀ ਲੜੇਗਾ। ਉਨ੍ਹਾਂ ਕਿਹਾ ਕਿ ਵਿਰੋਧੀਆਂ ਵੱਲੋਂ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ’ਤੇ ਗ਼ੌਰ ਨਾ ਕੀਤੀ ਜਾਵੇ ਸਗੋਂ ਉਸ ਵੱਲੋਂ ਕੀਤੇ ਵਾਅਦੇ ਵੱਲ ਧਿਆਨ ਦਿੱਤਾ ਜਾਵੇ। ਇਸ ਦੇ ਨਾਲ ਹੀ ਨਵਜੋਤ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਜਵਾਬ ਦਿੰਦਿਆਂ ਕਿਹਾ ਕਿ ਉਹ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਥਾਂ ਸਿੱਧੀ ਤੇ ਸਪਸ਼ਟ ਗੱਲ ਕਰਨ। ਸਿੱਧੂ ਨੇ ਕਿਹਾ ਕਿ ਜਦੋਂ ਉਸ ਨੂੰ ਅੰਮ੍ਰਿਤਸਰ ਤੋਂ ਚੋਣ ਲੜਨ ਲਈ ਕਿਹਾ ਗਿਆ ਸੀ ਤਾਂ ਉਸ ਵੇਲੇ ਉਸ ਨੇ ਹਲਕਾ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਸਿਰਫ਼ ਅੰਮ੍ਰਿਤਸਰ ਤੋਂ ਹੀ ਚੋਣ ਲੜੇਗਾ ਕਿਉਂਕਿ ਅੰਮ੍ਰਿਤਸਰ ਉਸ ਦੀ ਕਰਮ ਭੂਮੀ ਹੈ ਤੇ ਗੁਰੂ ਦਾ ਦਰ ਹੈ। ਜੇਕਰ ਉਹ ਅੰਮ੍ਰਿਤਸਰ ਤੋਂ ਚੋਣ ਨਹੀਂ ਲੜੇਗਾ ਤਾਂ ਕਿਤੋਂ ਵੀ ਚੋਣ ਨਹੀਂ ਲੜੇਗਾ।