ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਧਮਕੀ ਦਿੱਤੀ ਹੈ ਕਿ ਉਹ ‘ਅਲ ਜਜ਼ੀਰਾ’ ਚੈਨਲ ਨੂੰ ਫੌਰੀ ਬੰਦ ਕਰਵਾ ਦੇਣਗੇ। ਸੰਸਦ ਵੱਲੋਂ ਅੱਜ ਕਾਨੂੰਨ ਪਾਸ ਕੀਤੇ ਜਾਣ ਮਗਰੋਂ ਅਲ ਜਜ਼ੀਰਾ ਚੈਨਲ ਦਾ ਇਜ਼ਰਾਈਲ ਵਿੱਚ ਪ੍ਰਸਾਰਨ ਰੋਕੇ ਜਾਣ ਸਬੰਧੀ ਰਾਹ ਪੱਧਰਾ ਹੋ ਗਿਆ ਹੈ। ਇਸ ਤੋਂ ਬਾਅਦ ਨੇਤਨਯਾਹੂ ਨੇ ‘ਅਤਿਵਾਦੀ ਚੈਨਲ’ ਨੂੰ ਬੰਦ ਕਰਨ ਦੀ ਸਹੁੰ ਖਾਧੀ। ਨੇਤਨਯਾਹੂ ਨੇ ਅਲ ਜਜ਼ੀਰਾ ’ਤੇ ਇਜ਼ਰਾਇਲੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣ, 7 ਅਕਤੂਬਰ ਨੂੰ ਹਮਾਸ ਦੇ ਹਮਲੇ ਵਿੱਚ ਹਿੱਸਾ ਲੈਣ ਅਤੇ ਇਜ਼ਰਾਈਲ ਵਿੱਚ ਹਿੰਸਾ ਭੜਕਾਉਣ ਦਾ ਦੋਸ਼ ਲਾਇਆ। ਨੇਤਨਯਾਹੂ ਨੇ ‘ਐਕਸ’ ’ਤੇ ਲਿਖਿਆ, ‘‘ਅਤਿਵਾਦੀ ਚੈਨਲ ਅਲ ਜਜ਼ੀਰਾ ਦਾ ਹੁਣ ਇਜ਼ਰਾਈਲ ਤੋਂ ਪ੍ਰਸਾਰਨ ਨਹੀਂ ਹੋਵੇਗਾ। ਮੇਰਾ ਇਰਾਦਾ ਚੈਨਲ ਦੀਆਂ ਸਰਗਰਮੀਆਂ ਨੂੰ ਨਵੇਂ ਕਾਨੂੰਨ ਤਹਿਤ ਫੌਰੀ ਰੋਕਣ ਦਾ ਹੈ।’’