ਨਿਊਯਾਰਕ : ਇਕ ਗੁਜਰਾਤੀ ਵਿਅਕਤੀ ਗੰਭੀਰ ਅਪਰਾਧ ਦੇ ਦੋਸ਼ ਹੇਠ ਡੇਲਾਵੇਅਰ ਦੀ ਸਟੇਟ ਪੁਲਿਸ ਵੱਲੋ ਗ੍ਰਿਫਤਾਰ

ਨਿਊਯਾਰਕ, 25 ਮਈ (ਰਾਜ ਗੋਗਨਾ)- ਅਮਰੀਕਾ ‘ਚ ਪਿਛਲੇ ਛੇ ਮਹੀਨਿਆਂ ਤੋਂ ਧੋਖਾਧੜੀ ਦੇ ਮਾਮਲਿਆਂ ‘ਚ ਇਕ ਤੋਂ ਬਾਅਦ ਇਕ ਗੁਜਰਾਤੀ ਗ੍ਰਿਫਤਾਰ ਹੋ ਰਹੇ ਹਨ। ਅਤੇ ਅਜਿਹੇ ਹੀ ਇਕ ਹੋਰ ਮਾਮਲੇ ‘ਚ ਨਿਊਯਾਰਕ ਤੋਂ ਰਾਕੇਸ਼ ਪਟੇਲ ਨਾਮੀਂ ਵਿਅਕਤੀ ਨੂੰ ਡੇਲਾਵੇਅਰ ਸਟੇਟ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਪੁਲਿਸ ਦੇ ਅਨੁਸਾਰ, ਫਲਸ਼ਿੰਗ, ਨਿਊਯਾਰਕ ਦੇ ਨਿਵਾਸੀ ਰਾਕੇਸ਼ ਪਟੇਲ ਦੀ ਉਮਰ 35 ਸਾਲ ਹੈ, ਅਤੇ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਉਹ ਸਸੇਕਸ ਜੇਲ੍ਹ ਵਿੱਚ ਨਜਰਬੰਦ ਹੈ। ਅਤੇ ਅਦਾਲਤ ਨੇ 1.03,000 ਡਾਲਰ ਦੇ ਨਕਦ ਬਾਂਡ ਤਹਿ ਕੀਤਾ ਹੈ। ਇਥੇਂ ਦੱਸਣਯੋਗ ਹੈ ਕਿ ਰਾਕੇਸ਼ ਪਟੇਲ ਨੂੰ 20 ਮਈ, 2024 ਨੂੰ ਮਿਲਸਬੋਰੋ ਦੇ ਨੇੜੇ ਪੁਲਿਸ ਦੁਆਰਾ ਗ੍ਰਿਫਤਾਰ ਕੀਤਾ ਗਿਆ ਸੀ, ਅਤੇ ਉਸ ‘ਤੇ 100,000 ( ਇਕ ਲੱਖ ) ਡਾਲਰ ਤੋਂ ਵੱਧ ਦੀ ਲੁੱਟ ਅਤੇ ਅਪਰਾਧ ਕਰਦੇ ਸਮੇਂ ਆਪਣੀ ਪਛਾਣ ਛੁਪਾਉਣ, ਦੇ ਦੋ ਸੰਗੀਨ ਦੋਸ਼ ਲਗਾਏ ਗਏ ਸਨ।ਅਤੇ 100,000 ਡਾਲਰ ਤੋਂ ਵੱਧ ਦੀ ਚੋਰੀ ਦਾ ਦੋਸ਼ ਵੀ ਲਗਾਇਆ ਗਿਆ ਸੀ ਜੋ ਕਲਾਸ ਬੀ ਦਾ ਅਪਰਾਧ ਮੰਨਿਆ ਜਾਦਾ ਹੈ, ਅਤੇ ਜਿਸ ਵਿੱਚ ਦੋਸ਼ੀ ਦੇ ਦੋਸ਼ ਸਾਬਤ ਹੋਣ ‘ਤੇ ਉਸ ਨੂੰ ਦੋ ਸਾਲ ਤੋਂ ਲੈ ਕੇ 25 ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ।ਜਿਸ ਮਾਮਲੇ ਵਿੱਚ ਰਾਕੇਸ਼ ਪਟੇਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ,ਉਸ ਵਿੱਚ ਸ਼ਿਕਾਇਤਕਰਤਾ ਜੋ ਮਿੱਲਸਬੋਰੋ, ਡੇਲਾਵੇਅਰ ਰਾਜ ਦੀ ਇੱਕ ਔਰਤ ਹੈ, ਜਿਸ ਨਾਲ ਉਸ ਨੇ ਅਕਤੂਬਰ 2023 ਤੋਂ ਧੋਖਾਧੜੀ ਕੀਤੀ ਜਾ ਰਹੀ ਸੀ। ਔਰਤ ਨੇ ਫਰਵਰੀ 2024 ਵਿੱਚ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਡੇਲਾਵੇਅਰ ਰਾਜ ਦੀ ਪੁਲਿਸ ਨੇ ਐਫ•ਬੀ•ਆਈ ਦੇ ਨਾਲ ਮਿਲ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ। ਜਾਂਚ ਦੇ ਦੌਰਾਨ ਪੁਲਿਸ ਨੇ ਪਾਇਆ ਕਿ ਇੱਕ ਵਿਅਕਤੀ ਨੇ ਆਪਣੀ ਪਛਾਣ ਸੰਘੀ ਏਜੰਟ ਵਜੋਂ ਦਿੱਤੀ ਅਤੇ ਔਰਤ ਨੂੰ ਇਹ ਕਹਿ ਕੇ ਧਮਕਾਇਆ ਕਿ ਉਸ ਦੇ ਬੈਂਕ ਦੇ ਖਾਤੇ ਵਿੱਚ ਉਸ ਦੇ ਪੈਸੇ ਸੁਰੱਖਿਅਤ ਨਹੀਂ ਹਨ ਅਤੇ ਔਰਤ ਨੂੰ ਉਸ ਦੇ ਕੋਲ ਪਏ ਸਾਰੇ ਪੈਸੇ ਸੋਨੇ ਵਿੱਚ ਬਦਲਣ ਲਈ ਵੀ ਕਿਹਾ। ਪੁਲਿਸ ਦੇ ਅਨੁਸਾਰ, ਫੋਨ ‘ਤੇ ਵਿਅਕਤੀ ਨੇ ਔਰਤ ਨੂੰ ਇਹ ਵੀ ਕਿਹਾ ਕਿ ਉਹ ਉਸ ਤੋਂ ਸੋਨਾ ਇਕੱਠਾ ਕਰੇਗਾ ਅਤੇ ਸੋਨਾ ਅਮਰੀਕਾ ਦੇ ਖਜ਼ਾਨੇ ਨੂੰ ਭੇਜ ਦੇਵੇਗਾ, ਜਿੱਥੇ ਇਹ ਸੁਰੱਖਿਅਤ ਰਹੇਗਾ ਅਤੇ ਸਮੇਂ ਸਿਰ ਉਸ ਨੂੰ ਵਾਪਸ ਕਰ ਦਿੱਤਾ ਜਾਵੇਗਾ।ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰਦੇ ਹੋਏ ਪੁਲਿਸ ਨੂੰ ਇਸ ਵਿੱਚ ਗੁਜਰਾਤੀ ਭਾਰਤੀ ਰਾਕੇਸ਼ ਪਟੇਲ ਦੀ ਸ਼ਮੂਲੀਅਤ ਦੇ ਸਬੂਤ ਮਿਲੇ ਸਨ। ਲੰਮੀ ਜਾਂਚ ਤੋਂ ਬਾਅਦ, ਡੇਲਾਵੇਅਰ ਦੀ ਪੁਲਿਸ ਨੇ ਆਖਰਕਾਰ ਰਾਕੇਸ਼ ਪਟੇਲ ਨੂੰ 20 ਮਈ ਨੂੰ ਮਿਲਸਬਰੋ ਵਿੱਚ ਗ੍ਰਿਫਤਾਰ ਕੀਤਾ ਅਤੇ ਉਥੋਂ ਟਰੂਪ 4 ਵਿੱਚ ਲਿਆਂਦਾ ਗਿਆ ਹੈ। ਜਿੱਥੇ ਫਿਲਹਾਲ ਇਸ ਗੱਲ ਦੀ ਜਾਂਚ ਚੱਲ ਰਹੀ ਹੈ ਕਿ ਰਾਕੇਸ਼ ਪਟੇਲ ਦੇ ਨਾਲ ਇਸ ਸਕੈਂਡਲ ‘ਚ ਹੋਰ ਕੌਣ-ਕੌਣ ਸ਼ਾਮਲ ਸਨ।ਇੱਥੇ ਜਿਕਰਯੋਗ ਹੈ ਕਿ ਅਮਰੀਕਾ ਵਿੱਚ ਬਜ਼ੁਰਗ ਨਾਗਰਿਕਾਂ ਨੂੰ ਡਰਾ-ਧਮਕਾ ਕੇ ਜਾਂ ਕੋਈ ਹੋਰ ਲਾਲਚ ਦੇ ਕੇ ਜਾਂ ਉਨ੍ਹਾਂ ਦੇ ਪੈਸੇ ਨੂੰ ਸੋਨੇ ਵਿੱਚ ਬਦਲਣ ਲਈ ਕਹਿ ਕੇ ਉਨ੍ਹਾਂ ਤੋਂ ਸੋਨਾ ਲੁੱਟਣ ਦਾ ਧੰਦਾ ਵੱਡੇ ਪੱਧਰ ‘ਤੇ ਚੱਲ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਘੁਟਾਲੇ ਦੀਆਂ ਤਾਰਾਂ ਭਾਰਤ ਦੇ ਨਾਲ ਵੀ ਜੁੜੀਆਂ ਹੋਈਆਂ ਹਨ, ਜਿਸ ਵਿੱਚ ਭਾਰਤ ਵਿੱਚ ਚੱਲ ਰਹੇ ਫਰਜ਼ੀ ਕਾਲ ਸੈਂਟਰਾਂ ਰਾਹੀਂ ਨਿਸ਼ਾਨਾ ਲੱਭ ਕੇ ਉਸ ਤੋਂ ਪੈਸੇ ਜਾਂ ਸੋਨਾ ਵਸੂਲਣ ਲਈ ਅਮਰੀਕਾ ਵਿੱਚ ਰਹਿੰਦੇ ਭਾਰਤੀਆਂ ਅਤੇ ਖਾਸ ਕਰਕੇ ਗੁਜਰਾਤੀਆਂ ਨੂੰ ਭੇਜਿਆ ਜਾਂਦਾ ਹੈ।ਇਸ ਤਰਾਂ ਹੀ ਇਸ ਮਈ 2024 ਦੇ ਵਿੱਚ ਹੀ ਅਜਿਹੇ ਇੱਕ ਧੋਖਾਧੜੀ ਦੇ ਮਾਮਲੇ ਵਿੱਚ ਪੰਜ ਗੁਜਰਾਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਫਲੋਰੀਡਾ ਸੂਬੇ ‘ਚ ਇਸੇ ਤਰ੍ਹਾਂ ਦੇ ਇਕ ਮਾਮਲੇ ‘ਚ ਪੀੜਤਾ ਤੋਂ ਸੋਨਾ ਲੈਣ ਆਈ ਗੁਜਰਾਤੀ ਔਰਤ ਸ਼ਵੇਤਾ ਪਟੇਲ ਨੂੰ ਪੁਲਿਸ ਨੇ ਫੜਿਆ ਸੀ, ਫਿਰ ਵਿਸਕਾਨਸਿਨ ਸੂਬੇ ‘ਚ ਇਕ ਮਾਮਲੇ ‘ਚ ਲਿਗਨੇਸ਼ ਪਟੇਲ ਨਾਂ ਦੇ ਇਕ ਹੋਰ ਗੁਜਰਾਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਦਕਿ ਇਕ ਹੋਰ ਧਰੁਵ ਪਟੇਲ ਨਾਂ ਦੇ ਗੁਜਰਾਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਨਿਊਯਾਰਕ ਵਿੱਚ ਇੱਕ ਧੋਖਾਧੜੀ ਦੇ ਮਾਮਲੇ ਵਿੱਚ. ਕੈਨੇਡਾ ਤੋਂ ਅਮਰੀਕਾ ਆਏ ਇਕ ਪਾਰਥ ਪਟੇਲ ਨਾਂ ਦੇ ਗੁਜਰਾਤੀ ਨੌਜਵਾਨ ਨੂੰ ਵੀ ਜਾਰਜੀਆ ਤੋਂ ਗ੍ਰਿਫਤਾਰ ਕੀਤਾ ਗਿਆ ਸੀ।

Spread the love