ਨਿਊਯਾਰਕ , 17 ਸਤੰਬਰ (ਰਾਜ ਗੋਗਨਾ)- ਬੀਤੇਂ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਤੋਂ ਪਹਿਲਾਂ ਨਿਊਯਾਰਕ ਦੇ ਬੀ.ਏ.ਪੀ.ਐਸ ਸਵਾਮੀਨਾਰਾਇਣ ਮੰਦਰ ਵਿੱਚ ਭੰਨਤੋੜ ਅਤੇ ਭਾਰਤ ਵਿਰੋਧੀ ਨਾਅਰੇ ਲਿਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਮੇਲਵਿਲ ਦੀ ਹੈ। ਭਾਰਤ ਨੇ ਇਸ ਮਾਮਲੇ ‘ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ ਅਤੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਭਾਰਤ ਨੇ ਇਸ ਘਿਨਾਉਣੇ ਕਾਰੇ ਦੇ ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਲਈ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਕੋਲ ਵੀ ਮਾਮਲਾ ਉਠਾਇਆ ਹੈ। ਇਸ ਦੇ ਨਾਲ ਹੀ ਮੰਦਰ ਦੀ ਕਮੇਟੀ ਨੇ ਵੀ ਇੱਕ ਬਿਆਨ ਜਾਰੀ ਕਰਕੇ ਸ਼ਾਂਤੀ ਦੀ ਅਪੀਲ ਕੀਤੀ ਹੈ।ਨਿਊਯਾਰਕ ਵਿੱਚ ਭਾਰਤੀ ਕੌਂਸਲੇਟ ਨੇ ਇੱਕ ਬਿਆਨ ਜਾਰੀ ਕਰਕੇ ਇਤਰਾਜ਼ ਪ੍ਰਗਟਾਇਆ ਹੈ। ਭਾਰਤ ਨੇ ਕਿਹਾ ਕਿ ਉਹ ਸਥਾਨਕ ਭਾਈਚਾਰੇ ਦੇ ਸੰਪਰਕ ਵਿੱਚ ਹੈ ਅਤੇ ਇਸ ਘਿਨਾਉਣੇ ਕਾਰੇ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਤੁਰੰਤ ਕਾਰਵਾਈ ਯਕੀਨੀ ਬਣਾਉਣ ਲਈ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਕੋਲ ਇਹ ਮੁੱਦਾ ਉਠਾਇਆ ਹੈ। ਤੁਹਾਨੂੰ ਦੱਸ ਦੇਈਏ ਕਿ ਮੇਲਵਿਲ ਲੌਂਗ ਆਈਲੈਂਡ ਦੀ ਸਫੋਲਕ ਕਾਉਂਟੀ ਦਾ ਇੱਕ ਸ਼ਹਿਰ ਹੈ ਜੋ ਨਾਸੋ ਵੈਟਰਨ ਮੈਮੋਰੀਅਲ ਕੋਲੀਜ਼ੀਅਮ ਤੋਂ ਲਗਭਗ 28 ਕਿਲੋਮੀਟਰ ਦੂਰ ਹੈ। ਇਸੇ ਥਾਂ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 22 ਸਤੰਬਰ ਨੂੰ ਇਕ ਵੱਡੇ ਭਾਈਚਾਰਕ ਸਮਾਗਮ ਨੂੰ ਸੰਬੋਧਨ ਕਰਨਗੇ। ਪੀ.ਐਮ ਮੋਦੀ 21, 22 ਅਤੇ 23 ਸਤੰਬਰ ਨੂੰ ਅਮਰੀਕਾ ਪਹੁੰਚ ਰਹੇ ਹਨ।ਅਤੇ ਇੱਥੋਂ ਦੇ ਭਾਰਤੀ ਮੂਲ ਦੇ ਲੋਕ ਭਾਰਤੀ ਦੂਤਘਰ ਦੇ ਸੰਪਰਕ ਵਿੱਚ ਹਨ।