ਕੋਈ ਵੀ ਕਿਸੇ ਬਾਲਗ ਨੂੰ ਉਸ ਦੀ ਪਸੰਦ ਦੇ ਵਿਅਕਤੀ ਨਾਲ ਰਹਿਣ ਤੋਂ ਨਹੀਂ ਰੋਕ ਸਕਦਾ : ਇਲਾਹਾਬਾਦ ਹਾਈ ਕੋਰਟ

ਇਲਾਹਾਬਾਦ ਹਾਈ ਕੋਰਟ ਨੇ ਕਿਹਾ ਹੈ ਕਿ ਕੋਈ ਵੀ ਵਿਅਕਤੀ ਕਿਸੇ ਬਾਲਗ ਨੂੰ ਅਪਣੀ ਪਸੰਦ ਦੇ ਵਿਅਕਤੀ ਨਾਲ ਰਹਿਣ ਜਾਂ ਅਪਣੀ ਮਰਜ਼ੀ ਨਾਲ ਵਿਆਹ ਕਰਨ ਤੋਂ ਨਹੀਂ ਰੋਕ ਸਕਦਾ ਕਿਉਂਕਿ ਸੰਵਿਧਾਨ ਦੀ ਧਾਰਾ 21 ਉਸ ਨੂੰ ਇਹ ਅਧਿਕਾਰ ਦਿੰਦੀ ਹੈ।ਉਪਰੋਕਤ ਟਿਪਣੀ ਕਰਦਿਆਂ ਜਸਟਿਸ ਜੇ.ਜੇ. ਮੁਨੀਰ ਅਤੇ ਜਸਟਿਸ ਅਰੁਣ ਕੁਮਾਰ ਸਿੰਘ ਦੇਸ਼ਵਾਲ ਦੀ ਡਿਵੀਜ਼ਨ ਬੈਂਚ ਨੇ ਇਸ ਮਾਮਲੇ ਦੀ ਪਹਿਲੀ ਪਟੀਸ਼ਨਕਰਤਾ ਬਾਲਗ ਔਰਤ ਨੂੰ ਉਸ ਦੇ ਚਾਚੇ ਦੇ ਘਰ ਭੇਜਣ ਲਈ ਜੁਡੀਸ਼ੀਅਲ ਮੈਜਿਸਟਰੇਟ ਦੀ ਆਲੋਚਨਾ ਕੀਤੀ। ਔਰਤ ਦੇ ਚਾਚੇ ਨੇ ਉਸ ਦੇ ਪਤੀ ਵਿਰੁਧ ਐਫ.ਆਈ.ਆਰ. ਦਰਜ ਕਰਵਾਈ ਸੀ।ਅਪਰਾਧਕ ਪ੍ਰਕਿਰਿਆ ਸੰਹਿਤਾ ਦੀ ਧਾਰਾ 164 ਤਹਿਤ ਅਪਣੇ ਬਿਆਨ ਵਿਚ ਔਰਤ ਨੇ ਕਿਹਾ ਸੀ ਕਿ ਜੇ ਉਸ ਨੂੰ ਉਸ ਦੇ ਚਾਚੇ ਜਾਂ ਉਸ ਦੇ ਮਾਪਿਆਂ ਦੇ ਘਰ ਭੇਜਿਆ ਗਿਆ ਤਾਂ ਉਸ ਦੀ ਜਾਨ ਨੂੰ ਖਤਰਾ ਹੈ। ਇਹ ਬਿਆਨ ਦੇਣ ਦੇ ਬਾਵਜੂਦ ਜੁਡੀਸ਼ੀਅਲ ਮੈਜਿਸਟਰੇਟ ਨੇ ਔਰਤ ਨੂੰ ਉਸ ਦੇ ਚਾਚੇ ਦੇ ਘਰ ਭੇਜ ਦਿਤਾ।ਅਦਾਲਤ ਨੇ ਕਿਹਾ ਕਿ ਜੁਡੀਸ਼ੀਅਲ ਮੈਜਿਸਟਰੇਟ, ਜਿਸ ਦੇ ਸਾਹਮਣੇ ਔਰਤ ਨੇ ਅਪਣੀ ਜਾਨ ਨੂੰ ਖਤਰਾ ਹੋਣ ਦਾ ਦਾਅਵਾ ਕੀਤਾ ਸੀ, ਨੂੰ ਉਸ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਚਾਹੀਦਾ ਸੀ ਅਤੇ ਉਸ ਦੇ ਚਾਚੇ ਵਿਰੁਧ ਐਫ.ਆਈ.ਆਰ. ਦਰਜ ਕਰਨੀ ਚਾਹੀਦੀ ਸੀ।

Spread the love