ਨਿੱਝਰ ਮਾਮਲੇ ਦੀ ਜਾਂਚ ਚ ਭਾਰਤ ਵੱਲੋਂ ਸਹਿਯੋਗ ਨਾ ਹੋਣ ਤੱਕ ਵਪਾਰ ਵਾਰਤਾ ਮੁੜ ਸ਼ੁਰੂ ਨਾ ਹੋਣ ਦੇ ਸੰਕੇਤ
ਔਟਵਾ,ਉਨਟਾਰੀਓ: ਕੈਨੇਡਾ ਦੀ ਵਪਾਰ ਮੰਤਰੀ ਮੈਰੀ ਇੰਗ ਦੇ ਦਿੱਤੇ ਸੰਕੇਤਕੈਨੇਡਾ ਦੀ ਵਪਾਰ ਮੰਤਰੀ ਮੈਰੀ ਇੰਗ ਨੇ ਬੁੱਧਵਾਰ ਨੂੰ ਸੰਕੇਤ ਦਿੱਤੇ ਕਿ ਜਦੋਂ ਤੱਕ ਨਰਿੰਦਰ ਮੋਦੀ ਦੀ ਸਰਕਾਰ ਸਿੱਖ ਕਾਰਕੁੰਨ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਜਾਂਚ ਵਿਚ ਸਹਿਯੋਗ ਨਹੀਂ ਕਰਦੀ, ਉਦੋਂ ਤੱਕ ਕੈਨੇਡਾ ਭਾਰਤ ਨਾਲ ਵਪਾਰ ਵਾਰਤਾ ਮੁੜ ਸ਼ੁਰੂ ਨਹੀਂ ਕਰੇਗਾ।
ਸੈਨ ਫ਼੍ਰੈਂਸਿਸਕੋ ਵਿਚ ਏਸ਼ੀਆ-ਪੈਸਿਫ਼ਿਕ ਇਕਨੌਮਿਕ ਕੌਪਰੇਸ਼ਨ ਸੰਮੇਲਨ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਇੱਕ ਪੱਤਰਕਾਰ ਨੇ ਮੈਰੀ ਇੰਗ ਨੂੰ ਭਾਰਤ ਨਾਲ ਵਪਾਰ ਵਾਰਤਾ ਬਹਾਲ ਹੋਣ ਦੀ ਸੰਭਾਵਨਾ ਬਾਰੇ ਸਵਾਲ ਪੁੱਛਿਆ ਸੀ।
ਇੰਗ ਨੇ ਕਿਹਾ, ਇਸ ਸਮੇਂ ਕੈਨੇਡਾ ਦਾ ਫ਼ੋਕਸ ਜਾਂਚ ਦਾ ਕੰਮ ਅੱਗੇ ਵਧਣ ਦੇਣਾ ਹੈ।ਤੁਸੀਂ ਮੈਨੂੰ ਅਤੇ ਸਰਕਾਰ ਨੂੰ ਇਸ ਬਾਰੇ ਗੱਲ ਕਰਦੇ ਸੁਣਿਆ ਹੈ ਕਿ ਕੈਨੇਡੀਅਨ ਧਰਤੀ ‘ਤੇ ਸਾਡੇ ਇੱਕ ਕੈਨੇਡੀਅਨ ਦੀ ਮੌਤ ਹੋਣ ਦੇ ਮੱਦੇਨਜ਼ਰ ਜਾਂਚ ਹੋਣੀ ਕਿੰਨੀ ਮਹੱਤਵਪੂਰਨ ਹੈ। ਇਸ ਲਈ ਅਸੀਂ ਇਸਨੂੰ ਹੋਣ ਦਵਾਂਗੇ।
ਇੰਗ ਨੇ ਕਿਹਾ ਕਿ ਕੈਨੇਡੀਅਨ ਕਾਰੋਬਾਰਾਂ ਦਾ ਭਾਰਤ ਵਿੱਚ ਵਪਾਰ ਜਾਰੀ ਹੈ ਅਤੇ ਵਪਾਰ ਮੰਤਰੀ ਵਜੋਂ ਉਹਨਾਂ ਦਾ ਕੰਮ ਇਹ ਯਕੀਨੀ ਬਣਾਉਣਾ ਹੈ ਕਿ ਉਹਨਾਂ ਕੋਲ ਲੋੜੀਂਦੀ ਮਦਦ ਅਤੇ ਸਾਧਨ ਹੋਣ।
ਜਦੋਂ ਇਹ ਸਪੱਸ਼ਟ ਕਰਨ ਲਈ ਕਿਹਾ ਗਿਆ ਕਿ ਕੀ ਉਹ ਇਸ ਜਾਂਚ ਵਿਚ ਸਹਿਯੋਗ ਦੀ ਜ਼ਰੂਰਤ ਅਤੇ ਵਪਾਰ ਵਾਰਤਾ ਨੂੰ ਮੁੜ ਸ਼ੁਰੂ ਕਰਨ ਵਿਚਕਾਰ ਸਿੱਧਾ ਸਬੰਧ ਬਣਾ ਰਹੇ ਹਨ, ਤਾਂ ਇੰਗ ਨੇ ਕਿਹਾ ਨਹੀਂ।
ਇੰਗ ਨੇ ਕਿਹਾ, ਯਕੀਨਨ ਸਾਡਾ ਫ਼ੋਕਸ ਇਸ ਜਾਂਚ ‘ਤੇ ਹੈ, ਇਹ ਕੰਮ ਹੋਣਾ ਚਾਹੀਦਾ ਹੈ ਅਤੇ ਕੈਨੇਡੀਅਨ ਕਾਰੋਬਾਰਾਂ ਲਈ, ਜੋ ਨਿਵੇਸ਼ ਕਰਨਾ, ਨਿਵੇਸ਼ ਨੂੰ ਆਕਰਸ਼ਤ ਕਰਨਾ ਅਤੇ ਕਾਰੋਬਾਰ ਕਰਨਾ ਜਾਰੀ ਰੱਖਦੇ ਹਨ, ਉਨ੍ਹਾਂ ਨੂੰ ਯਕੀਨ ਦਵਾਉਣ ਲਈ, ਕੈਨੇਡੀਅਨ ਸਰਕਾਰ ਦੀਆਂ ਸੇਵਾਵਾਂ ਉਨ੍ਹਾਂ ਲਈ ਜਾਰੀ ਰਹਿਣਗੀਆਂ ਕਿਉਂਕਿ ਉਹ ਆਪਣੀ ਸਰਕਾਰ ਤੋਂ ਇਹ ਉਮੀਦ ਕਰਦੇ ਹਨ।
ਫਿਰ ਮੀਡੀਆ ਗੱਲਬਾਤ ਸਮਾਪਤ ਹੋ ਗਈ।
ਭਾਰਤੀ ਹਾਈ ਕਮਿਸ਼ਨਰ ਨੇ ਸਤੰਬਰ ਵਿਚ ਕੈਨੇਡੀਅਨ ਪ੍ਰੈੱਸ ਨੂੰ ਦੱਸਿਆ ਸੀ ਕਿ ਕੈਨੇਡਾ ਵੱਲੋਂ ਵਪਾਰ ਵਾਰਤਾ ਰੋਕ ਦਿੱਤੀ ਗਈ ਹੈ ਅਤੇ ਉਦੋਂ ਇਸਦਾ ਕੋਈ ਸਪਸ਼ਟ ਕਾਰਨ ਵੀ ਨਹੀਂ ਦੱਸਿਆ ਸੀ।
ਬਾਅਦ ਵਿੱਚ ਇਹ ਖ਼ਬਰ ਆਈ ਸੀ ਕਿ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਪਿਛਲੀ ਗਰਮੀਆਂ ਦੌਰਾਨ ਭਾਰਤ ਗਈ ਸੀ ਜਿੱਥੇ ਉਸਨੇ ਫਾਈਵ ਆਈਜ਼ ਖੁਫੀਆ ਭਾਈਵਾਲਾਂ ਦੁਆਰਾ ਇਕੱਠੇ ਕੀਤੇ ਸਬੂਤ ਨਾਲ ਲੈਕੇ ਭਾਰਤੀ ਅਧਿਕਾਰੀਆਂ ਨਾਲ ਗੱਲ ਕੀਤੀ ਸੀ ਜੋ ਸੰਕੇਤ ਦਿੰਦੇ ਸਨ ਕਿ ਮੋਦੀ ਸਰਕਾਰ ਨਿੱਝਰ ਦੇ ਕਤਲ ਵਿੱਚ ਸ਼ਾਮਲ ਸੀ।