ਈਰਾਨ ਦੇ ਅਧਿਕਾਰੀਆਂ ਨੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਨਰਗਿਸ ਮੁਹੰਮਦੀ ਨੂੰ ਕਰੀਬ 9 ਹਫਤਿਆਂ ਤੋਂ ਬਿਮਾਰ ਮਹਿਸੂਸ ਕਰਨ ਤੋਂ ਬਾਅਦ ਹਸਪਤਾਲ ’ਚ ਭਰਤੀ ਹੋਣ ਦੀ ਇਜਾਜ਼ਤ ਦੇ ਦਿਤੀ ਹੈ। ਕਾਰਕੁੰਨ ਲਈ ਮੁਹਿੰਮ ਚਲਾ ਰਹੇ ਇਕ ਸਮੂਹ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ। ‘ਫ੍ਰੀ ਨਰਗਿਸ ਗਠਜੋੜ’ ਨੇ ਇਕ ਬਿਆਨ ਵਿਚ ਕਿਹਾ ਕਿ ਮੁਹੰਮਦੀ ਨੂੰ ਕਈ ਸਿਹਤ ਸਮੱਸਿਆਵਾਂ ਦਾ ਵਿਆਪਕ ਇਲਾਜ ਪ੍ਰਾਪਤ ਕਰਨ ਲਈ ਰਾਹਤ ਦਿਤੀ ਜਾਣੀ ਚਾਹੀਦੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸਿਰਫ ਉਨ੍ਹਾਂ ਨੂੰ ਹਸਪਤਾਲ ਵਿਚ ਤਬਦੀਲ ਕਰਨ ਨਾਲ ਮਹੀਨਿਆਂ ਦੀ ਅਣਗਹਿਲੀ ਕਾਰਨ ਪੈਦਾ ਹੋਈਆਂ ਗੰਭੀਰ ਸਿਹਤ ਸਮੱਸਿਆਵਾਂ ਦਾ ਹੱਲ ਨਹੀਂ ਹੋਵੇਗਾ। ਮੁਹੰਮਦੀ ਨੂੰ ਈਰਾਨ ਦੀ ਬਦਨਾਮ ਏਵਿਨ ਜੇਲ੍ਹ ’ਚ ਰੱਖਿਆ ਗਿਆ ਹੈ, ਜਿੱਥੇ ਸਿਆਸੀ ਕੈਦੀ ਅਤੇ ਪਛਮੀ ਲੋਕ ਹਨ। ਉਹ ਪਹਿਲਾਂ ਹੀ 30 ਮਹੀਨੇ ਦੀ ਸਜ਼ਾ ਕੱਟ ਰਹੀ ਸੀ ਅਤੇ ਜਨਵਰੀ ਵਿਚ ਉਸ ਨੂੰ 15 ਮਹੀਨੇ ਹੋਰ ਸਜ਼ਾ ਸੁਣਾਈ ਗਈ ਸੀ। ਈਰਾਨ ਦੇ ਅਧਿਕਾਰੀਆਂ ਨੇ ਸਨਿਚਰਵਾਰ ਨੂੰ ਉਸ ਨੂੰ ਛੇ ਮਹੀਨੇ ਦੀ ਵਾਧੂ ਸਜ਼ਾ ਸੁਣਾਈ ਕਿਉਂਕਿ ਉਸ ਨੇ 6 ਅਗੱਸਤ ਨੂੰ ਏਵਿਨ ਜੇਲ੍ਹ ਦੇ ਮਹਿਲਾ ਵਾਰਡ ਵਿਚ ਇਕ ਹੋਰ ਸਿਆਸੀ ਕੈਦੀ ਨੂੰ ਫਾਂਸੀ ਦਿਤੇ ਜਾਣ ਦਾ ਵਿਰੋਧ ਕੀਤਾ ਸੀ। ਮੁਹੰਮਦੀ ਦਿਲ ਦੀ ਬਿਮਾਰੀ ਤੋਂ ਪੀੜਤ ਹੈ। ਮੁਹੰਮਦੀ ਨੋਬਲ ਸ਼ਾਂਤੀ ਪੁਰਸਕਾਰ ਪ੍ਰਾਪਤ ਕਰਨ ਵਾਲੀ 19 ਵੀਂ ਔਰਤ ਹੈ ਅਤੇ 2003 ’ਚ ਮਨੁੱਖੀ ਅਧਿਕਾਰ ਕਾਰਕੁਨ ਸ਼ਿਰੀਨ ਇਬਾਦੀ ਤੋਂ ਬਾਅਦ ਇਹ ਪੁਰਸਕਾਰ ਜਿੱਤਣ ਵਾਲੀ ਦੂਜੀ ਈਰਾਨੀ ਔਰਤ ਹੈ।