ਖੇਡਾਂ ਬਾਰੇ ਸਾਲਸੀ ਅਦਾਲਤ (ਸੀਏਐੱਸ) ਦੀ ਐਡਹਾਕ ਡਿਵੀਜ਼ਨ ਨੇ ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਵੱਲੋਂ ਦਾਇਰ ਅਪੀਲ ’ਤੇ ਆਪਣਾ ਫ਼ੈਸਲਾ ਇਕ ਵਾਰ ਫਿਰ ਮੁਲਤਵੀ ਕਰ ਦਿੱਤਾ ਹੈ। ਅਦਾਲਤ ਹੁਣ 16 ਅਗਸਤ ਨੂੰ ਭਾਰਤੀ ਸਮੇਂ ਅਨੁਸਾਰ ਰਾਤੀਂ 9:30 ਵਜੇ ਫ਼ੈਸਲਾ ਸੁਣਾਏਗੀ। ਵਿਨੇਸ਼ ਨੇ ਓਲੰਪਿਕ ਫਾਈਨਲਜ਼ ਤੋਂ ਪਹਿਲਾਂ ਅਯੋਗ ਠਹਿਰਾਏ ਜਾਣ ਦੇ ਫ਼ੈਸਲੇ ਨੂੰ ਸਾਲਸੀ ਅਦਾਲਤ ਵਿਚ ਚੁਣੌਤੀ ਦਿੱਤੀ ਹੈ। ਵਿਨੇਸ਼ ਨੂੰ ਪਿਛਲੇ ਹਫ਼ਤੇ ਬੁੱਧਵਾਰ ਨੂੰ ਵਜ਼ਨ ਤੋਲਣ ਮੌਕੇ 100 ਗ੍ਰਾਮ ਭਾਰ ਵੱਧ ਹੋਣ ਕਰਕੇ ਮਹਿਲਾਵਾਂ ਦੇ 50 ਕਿਲੋਗ੍ਰਾਮ ਫ੍ਰੀਸਟਾਈਲ ਦੇ ਫਾਈਨਲ ਲਈ ਅਯੋਗ ਐਲਾਨ ਦਿੱਤਾ ਗਿਆ ਸੀ। ਭਾਰਤੀ ਓਲੰਪਿਕ ਐਸੋਸੀਏਸ਼ਨ ਨੇ ਇਕ ਬਿਆਨ ਵਿਚ ਕਿਹਾ, ‘‘ਸੀਏਐੱਸ ਐਡਹਾਕ ਡਿਵੀਜ਼ਨ ਦੇ ਪ੍ਰਧਾਨ ਨੇ ਵਿਨੇਸ਼ ਫੋਗਾਟ ਬਨਾਮ ਯੂਨਾਈਟਿਡ ਵਰਲਡ ਰੈਸਲਿੰਗ ਤੇ ਕੌਮਾਂਤਰੀ ਓਲੰਪਿਕ ਕਮੇਟੀ ਕੇਸ ਵਿਚ ਸਾਲਸ ਡਾ. ਅਨਾਬੇਲ ਬੈਨੇਟ ਨੂੰ ਸੁਣਵਾਈ 16 ਅਗਸਤ 2024 ਸ਼ਾਮੀਂ 6 ਵਜੇ (ਪੈਰਿਸ ਦਾ ਸਥਾਨਕ ਸਮਾਂ) ਤੱਕ ਮੁਲਤਵੀ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।’’ ਵਿਨੇਸ਼ ਨੇ ਆਪਣੀ ਅਪੀਲ ਵਿਚ ਮੰਗ ਕੀਤੀ ਸੀ ਕਿ ਉਸ ਨੂੰ ਕਿਊਬਾ ਦੀ ਪਹਿਲਵਾਨ ਵਾਈ. ਗੂਜ਼ਮੈਨ ਲੋਪੇਜ਼ ਨਾਲ ਸਾਂਝੇ ਤੌਰ ’ਤੇ ਚਾਂਦੀ ਦਾ ਤਗ਼ਮਾ ਦਿੱਤਾ ਜਾਵੇ। ਵਿਨੇਸ਼ ਨੂੰ ਅਯੋਗ ਐਲਾਨੇ ਜਾਣ ਮਗਰੋਂ ਗੂਜ਼ਮੈਨ ਨੇ ਉਸ ਦੀ ਥਾਂ ਫਾਈਨਲ ਮੁਕਾਬਲਾ ਖੇਡਿਆ ਸੀ।