ਕੈਨੇਡਾ ਭੇਜੀਆਂ ਪਿੰਨੀਆਂ ‘ਚੋਂ ਅਫ਼ੀਮ ਬਰਾਮਦ

ਲੁਧਿਆਣਾ ‘ਚ ਇੱਕ ਕੋਰੀਅਰ ਕੰਪਨੀ ਨੇ ਦੇਸੀ ਘਿਉ ਦੀਆਂ ਕੈਨੇਡਾ ਭੇਜੀ ਜਾ ਪਿੰਨੀਆਂ ‘ਚ ਲੁਕੀ ਅਫ਼ੀਮ ਪੁਲਿਸ ਨੂੰ ਬਰਾਮਦ ਕਰਵਾ ਦਿੱਤੀ ਹੈ। ਕੋਰੀਅਰ ਕੰਪਨੀ ਦੇ ਮੈਨੇਜਰ ਨੇ ਦੱਸਿਆ ਕਿ ਅਕਸਰ ਹੀ ਵਿਦੇਸ਼ ਭੇਜਣ ਲਈ ਪੈਕਟ ਆਉਂਦੇ ਰਹਿੰਦੇ ਹਨ। ਕੁਝ ਵਿਚ ਖਾਣ-ਪੀਣ ਵਾਲਾ ਸਮਾਨ ਹੁੰਦਾ ਹੈ ਜਦਕਿ ਕੁਝ ਅੰਦਰ ਹੋਰ ਜ਼ਰੂਰੀ ਚੀਜ਼ਾਂ ਹੁੰਦੀਆਂ ਹਨ। ਪਿੰਨੀਆਂ ਵਾਲਾ ਪੈਕਟ ਲੁਧਿਆਣਾ ਦੇ ਪਿੰਡ ਗਿੱਲ ਦੇ ਵਸਨੀਕ ਜਸਬੀਰ ਸਿੰਘ ਵੱਲੋਂ ਬਰੈਂਪਟਨ ਭੇਜਣ ਵਾਸਤੇ ਦਿੱਤਾ ਗਿਆ ਸੀ। ਕੰਪਨੀ ਨੇ ਜਦੋਂ ਪਾਰਸਲ ਨੂੰ ਸਕੈਨ ਕੀਤਾ ਤਾਂ ਸ਼ੱਕੀ ਨਸ਼ੀਲੇ ਪ੍ਰਦਾਰਥ ਮਿਲੇ । ਉਨ੍ਹਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਦੀ ਮੌਜੂਦਗੀ ‘ਚ ਪਾਰਸਲ ਨੂੰ ਖੋਲ੍ਹ ਕੇ ਦੇਖਿਆ ਤਾਂ ਉਸ ਵਿਚ ਦੋ ਟੀ ਸ਼ਰਟਾਂ, ਦੋ ਜੈਕੇਟਾਂ ਅਤੇ ਇਕ ਦੇਸੀ ਘਿਉ ਦੀਆਂ ਪਿੰਨੀਆਂ ਦਾ ਡੱਬਾ ਸੀ। ਜਿਉਂ ਹੀ ਪਿੰਨੀਆਂ ਨੂੰ ਤੋੜ ਕੇ ਦੇਖਿਆ ਤਾਂ ਉਨ੍ਹਾਂ ਵਿੱਚੋਂ 208 ਗ੍ਰਾਮ ਅਫ਼ੀਮ ਬਰਾਮਦ ਹੋਈ। ਜਿਸ ਨੂੰ ਪੁਲਿਸ ਨੇ ਕਬਜ਼ੇ ’ਚ ਲੈ ਕੇ ਜਾਂਚ ਆਰੰਭ ਦਿੱਤੀ ਹੈ। ਥਾਣਾ ਸਾਹਨੇਵਾਲ ਦੇ ਮੁੱਖ ਅਫ਼ਸਰ ਨੇ ਦੱਸਿਆ ਕਿ ਕੋਰੀਅਰ ਕੰਪਨੀ ਦੇ ਮੈਨੇਜਰ ਵੱਲੋਂ ਦਿੱਤੀ ਗਈ ਇਤਲਾਹ ’ਤੇ ਪੁਲਿਸ ਦੀ ਮੌਜੂਦਗੀ ’ਚ ਪਾਰਸਲ ’ਚੋਂ ਪਿੰਨੀਆਂ ਅਤੇ ਪਿੰਨੀਆਂ ਵਿੱਚੋਂ 208 ਗ੍ਰਾਮ ਅਫ਼ੀਮ ਬਰਾਮਦ ਹੋਈ ਹੈ । ਜਿਸ ਦੇ ਸਬੰਧ ’ਚ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਜਸਵੀਰ ਸਿੰਘ ਪੁਲਿਸ ਦੀ ਪਕੜ ਤੋਂ ਬਾਹਰ ਹੈ ਅਤੇ ਉਸ ਦਾ ਪਿਛਲਾ ਰਿਕਾਰਡ ਚੈਕ ਕੀਤਾ ਜਾ ਰਿਹਾ ਹੈ।

Spread the love