ਪਾਕਿਸਤਾਨ ਨੇ ਚੀਨ ਤੋਂ 10 ਅਰਬ ਯੁਆਨ ਦਾ ਹੋਰ ਕਰਜ਼ਾ ਮੰਗਿਆ

ਪਾਕਿਸਤਾਨ ਨੇ ਚੀਨ ਤੋਂ 10 ਅਰਬ ਯੁਆਨ ਦੇ ਵਾਧੂ ਕਰਜ਼ੇ ਦੀ ਮੰਗ ਕੀਤੀ ਹੈ। ਨਕਦੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੇ ਚੀਨ ਤੋਂ ਲਿਆ 30 ਅਰਬ ਯੁਆਨ ਦਾ ਕਰਜ਼ਾ ਪਹਿਲਾਂ ਹੀ ਵਰਤ ਲਿਆ ਹੈ।ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਨੇ ਵਾਸ਼ਿੰਗਟਨ ’ਚ ਵਿਸ਼ਵ ਬੈਂਕ ਅਤੇ ਕੌਮਾਂਤਰੀ ਮੁਦਰਾ ਫੰਡ ਦੀਆਂ ਸਾਲਾਨਾ ਮੀਟਿੰਗ ਦੌਰਾਨ ਚੀਨ ਦੇ ਉਪ ਵਿੱਤ ਮੰਤਰੀ ਲਿਆਓ ਮਿਨ ਨਾਲ ਮੁਲਾਕਾਤ ਕਰਕੇ ਕਰੰਸੀ ਅਦਲਾ-ਬਦਲੀ ਸਮਝੌਤੇ ਤਹਿਤ ਹੱਦ ਵਧਾ ਕੇ 40 ਅਰਬ ਯੁਆਨ ਕਰਨ ਦੀ ਅਪੀਲ ਕੀਤੀ। ‘ਦਿ ਐਕਸਪ੍ਰੈੱਸ ਟ੍ਰਿਬਿਊਨ’ ਦੀ ਰਿਪੋਰਟ ਮੁਤਾਬਕ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪਾਕਿਸਤਾਨ ਨੇ ਕਰਜ਼ੇ ਦੀ ਲਿਮਿਟ ਵਧਾਉਣ ਦੀ ਅਪੀਲ ਕੀਤੀ ਹੈ। ਇਸ ਤੋਂ ਪਹਿਲਾਂ ਚੀਨ ਉਸ ਦੀਆਂ ਸਾਰੀਆਂ ਅਪੀਲਾਂ ਨੂੰ ਰੱਦ ਕਰ ਚੁੱਕਾ ਹੈ। ਇਸ ਮਹੀਨੇ ਦੇ ਸ਼ੁਰੂ ’ਚ ਚੀਨੀ ਪ੍ਰਧਾਨ ਮੰਤਰੀ ਲੀ ਕਿਆਂਗ ਨੇ ਆਪਣੇ ਪਾਕਿਸਤਾਨ ਦੇ ਚਾਰ ਰੋਜ਼ਾ ਦੌਰੇ ਦੌਰਾਨ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਅਤੇ ਦੋ ਮੰਤਰੀਆਂ ਨਾਲ ਗੱਲਬਾਤ ਕਰਕੇ ਅਰਥਚਾਰੇ, ਨਿਵੇਸ਼ ਅਤੇ ਖੇਤਰੀ ਸੰਪਰਕ ਸਮੇਤ ਵੱਖ ਵੱਖ ਖੇਤਰਾਂ ’ਚ ਰਣਨੀਤਕ ਸਹਿਯੋਗ ਹੋਰ ਮਜ਼ਬੂਤ ਕਰਨ ਪ੍ਰਤੀ ਵਚਨਬੱਧਤਾ ਦੁਹਰਾਈ ਸੀ। ਦੋਵੇਂ ਆਗੂਆਂ ਨੇ ਚੀਨ-ਪਾਕਿਸਤਾਨ ਆਰਥਿਕ ਕੌਰੀਡੋਰ ਪ੍ਰਾਜੈਕਟਾਂ ’ਚ ਤੇਜ਼ੀ ਲਿਆਉਣ ’ਤੇ ਵੀ ਜ਼ੋਰ ਦਿੱਤਾ ਹੈ।

Spread the love