ਦਿੱਲੀ ਤੇ ਕੌਮੀ ਰਾਜਧਾਨੀ ਖੇਤਰ ਦੇ ਕਰੀਬ 100 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਬਾਅਦ ਸਕੂਲਾਂ ’ਚ ਛੁੱਟੀ ਕਰ ਦਿੱਤੀ ਗਈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮਯੂਰ ਵਿਹਾਰ ਖੇਤਰ ‘ਚ ਸਥਿਤ ਮਦਰ ਮੈਰੀ ਸਕੂਲ, ਦਵਾਰਕਾ ‘ਚ ਦਿੱਲੀ ਪਬਲਿਕ ਸਕੂਲ, ਚਾਣਕਿਆਪੁਰੀ ‘ਚ ਸੰਸਕ੍ਰਿਤੀ ਸਕੂਲ, ਵਸੰਤ ਕੁੰਜ ‘ਚ ਦਿੱਲੀ ਪਬਲਿਕ ਸਕੂਲ, ਸਾਕੇਤ ‘ਚ ਐਮਿਟੀ ਸਕੂਲ ਅਤੇ ਨੋਇਡਾ ਸੈਕਟਰ 30 ‘ਚ ਸਥਿਤ ਦਿੱਲੀ ਪਬਲਿਕ ਸਕੂਲਾਂ ਸਣੇ ਕਰੀਬ 100 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਈਮੇਲ ਰਾਹੀਂ ਦਿੱਤੀ ਗਈ। ਦਿੱਲੀ ਪੁਲੀਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਸਕੂਲ ਖਾਲੀ ਕਰਵਾ ਲਏ ਗਏ ਹਨ ਅਤੇ ਸਥਾਨਕ ਪੁਲੀਸ ਨੂੰ ਈਮੇਲ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਬੰਬ ਠੁੱਸ ਕਰਨ ਵਾਲਾ ਦਸਤਾ ਅਤੇ ਦਿੱਲੀ ਫਾਇਰ ਸਰਵਿਸ ਦੇ ਅਧਿਕਾਰੀ ਤੁਰੰਤ ਸਕੂਲਾਂ ਵਿੱਚ ਪਹੁੰਚ ਗਏ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ। ਨੋਇਡਾ ਪੁਲੀਸ ਨੇ ਕਿਹਾ ਕਿ ਸ਼ਹਿਰ ਦੇ ਦਿੱਲੀ ਪਬਲਿਕ ਸਕੂਲ ਦੀਆਂ ਕਲਾਸਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਪੁਲੀਸ ਬਲ ਤਾਇਨਾਤ ਕੀਤਾ ਗਿਆ ਸੀ।