ਪਤੰਜਲੀ ਆਯੁਰਵੇਦ ਦੇ ਐੱਮਡੀ ਅਤੇ ਰਾਮਦੇਵ ਦੇ ਸਹਿਯੋਗੀ ਆਚਾਰੀਆ ਬਾਲਕ੍ਰਿਸ਼ਨ ਨੇ ਆਪਣੇ ਉਤਪਾਦਾਂ ਅਤੇ ਉਨ੍ਹਾਂ ਦੀਆਂ ਦਵਾਈਆਂ ਦੇ ਪ੍ਰਭਾਵ ਬਾਰੇ ਕੰਪਨੀ ਦੇ ਭਰਮਾਊ ਦਾਅਵਿਆਂ ਲਈ ਸੁਪਰੀਮ ਕੋਰਟ ਤੋਂ ਮੁਆਫੀ ਮੰਗੀ ਹੈ। ਇਸ਼ਤਿਹਾਰਾਂ ‘ਤੇ ਮਾਣਹਾਨੀ ਨੋਟਿਸ ਦਾ ਜਵਾਬ ਨਾ ਦੇਣ ‘ਤੇ ਅਦਾਲਤ ਵੱਲੋਂ ਪਤੰਜਲੀ ਆਯੁਰਵੇਦ ਨੂੰ ਖਾਸੀ ਝਾੜ ਪਾਈ ਸੀ। ਇਸ ਤੋਂ ਇਕ ਦਿਨ ਬਾਅਦ ਕੱਲ੍ਹ ਇਹ ਹਲਫ਼ਨਾਮਾ ਦਾਇਰ ਕੀਤਾ ਗਿਆ। ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਅਹਿਸਾਨੁਦੀਨ ਅਮਾਨਉੱਲ੍ਹਾ ਦੇ ਬੈਂਚ ਨੇ ਬਾਲਕ੍ਰਿਸ਼ਨ ਅਤੇ ਰਾਮਦੇਵ ਨੂੰ 2 ਅਪਰੈਲ ਨੂੰ ਅਦਾਲਤ ‘ਚ ਪੇਸ਼ ਹੋਣ ਲਈ ਕਿਹਾ ਸੀ। ਅਦਾਲਤ ਵਿੱਚ ਦਾਇਰ ਹਲਫ਼ਨਾਮੇ ਵਿੱਚ ਅਚਾਰੀਆ ਬਾਲਕ੍ਰਿਸ਼ਨ ਨੇ ਕਿਹਾ ਹੈ ਕਿ ਉਹ ਕਾਨੂੰਨ ਦੇ ਰਾਜ ਦਾ ਸਭ ਤੋਂ ਵੱਧ ਸਨਮਾਨ ਕਰਦੇ ਹਨ। ਉਨ੍ਹਾਂ ਮੁਆਫ਼ੀ ਦੀ ਪੇਸ਼ਕਸ਼ ਕੀਤੀ ਅਤੇ ਕਿਹਾ ਕਿ ਕੰਪਨੀ ਇਹ ਯਕੀਨੀ ਬਣਾਏਗੀ ਕਿ ਭਵਿੱਖ ਵਿੱਚ ਅਜਿਹੇ ਇਸ਼ਤਿਹਾਰ ਜਾਰੀ ਨਾ ਕੀਤੇ ਜਾਣ।’ ਆਚਾਰੀਆ ਬਾਲਕ੍ਰਿਸ਼ਨ ਨੇ ਸਪੱਸ਼ਟ ਕੀਤਾ ਕਿ ਕੰਪਨੀ ਦਾ ਇਰਾਦਾ ਸਿਰਫ ਇਸ ਦੇਸ਼ ਦੇ ਨਾਗਰਿਕਾਂ ਨੂੰ ਪਤੰਜਲੀ ਉਤਪਾਦਾਂ ਦਾ ਸੇਵਨ ਕਰਕੇ ਇੱਕ ਸਿਹਤਮੰਦ ਜੀਵਨ ਜਿਊਣ ਲਈ ਉਤਸ਼ਾਹਿਤ ਕਰਨਾ ਹੈ।
