‘ਭਾਜਪਾ ਆਗੂਆਂ ਦਾ ਇਸ ਪਿੰਡ ਵਿੱਚ ਦਾਖ਼ਲ ਹੋਣਾ ਸਖ਼ਤ ਮਨ੍ਹਾ ਹੈ’ ਪੰਜਾਬ ਦੇ ਕੁਝ ਪਿੰਡਾਂ ਵਿੱਚ ਲੱਗੇ ਪੋਸਟਰ

ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਦੇ ਵਿਰੋਧ ਦੇ ਐਲਾਨ ਦਾ ਅਸਰ ਪੰਜਾਬ ਦੇ ਮਾਲਵਾ ਖ਼ੇਤਰ ਦੇ ਪਿੰਡਾਂ ਵਿੱਚ ਦਿਖਣਾ ਸ਼ੁਰੂ ਹੋ ਗਿਆ ਹੈ।ਕਈ ਪਿੰਡਾ ਵਿੱਚ ਇਸ ਸਬੰਧੀ ਬੋਰਡ ਲਗਾਏ ਜਾਣ ਦੇ ਨਾਲ-ਨਾਲ ਗੁਰਦੁਆਰਿਆਂ ਵਿੱਚ ਅਨਾਊਂਸਮੈਂਟ ਵੀ ਕੀਤੀ ਜਾ ਰਹੀ ਹੈ।ਵੱਖ-ਵੱਖ ਕਿਸਾਨੀ ਮੰਗਾਂ ਪੂਰੀਆਂ ਨਾ ਕੀਤੇ ਜਾਣ ਦੇ ਰੋਸ ਦੇ ਚਲਦਿਆਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੇ ਵਿਰੋਧ ਦਾ ਸੱਦਾ ਦਿੱਤਾ ਗਿਆ ਸੀ।ਕਿਸਾਨਾਂ ਮੁਤਾਬਕ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਕਿਸਾਨ ਅੰਦੋਲਨ ਦੌਰਾਨ ਕਥਿਤ ਤੌਰ ‘ਤੇ ਪੁਲਿਸ ਦੀ ਗੋਲੀ ਨਾਲ ਹੋਈ ਮੌਤ ਵੀ ਰੋਸ ਦਾ ਇੱਕ ਕਾਰਨ ਹੈ।ਇਸ ਵਿਰੋਧ ਦੇ ਮੱਦੇਨਜ਼ਰ ਕੁਝ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਫਲੈਕਸ ਬੋਰਡ ਵੀ ਲਗਾਏ ਜਾ ਰਹੇ ਹਨ।ਜ਼ਿਲ੍ਹਾ ਸੰਗਰੂਰ ਅਧੀਨ ਪੈਂਦੇ ਪਿੰਡ ਨਮੋਲ ਵਿੱਚ ਲਗਾਏ ਗਏ ਅਜਿਹੇ ਫਲੈਕਸ ਬੋਰਡਾਂ ਉੱਤੇ ਕੁਝ ਅਜਿਹਾ ਲਿਖਿਆ ਗਿਆ।”ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਲੀਡਰਾਂ ਦਾ ਇਸ ਪਿੰਡ ਵਿੱਚ ਦਾਖਲ ਹੋਣਾ ਸਖ਼ਤ ਮਨ੍ਹਾ ਹੈ।”ਕਿਸਾਨ ਸੰਗਠਨਾਂ ਵੱਲੋਂ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦੇ ਪਿੰਡ ਭਾਰੂ ਅਤੇ ਮੱਲਣ ਵਿੱਚ ਵੀ ਅਜਿਹੇ ਹੀ ਪੋਸਟਰ ਲਗਾਏ ਗਏ ਹਨ। ਮਾਲਵਾ ਵਿੱਚ ਵੱਡੇ ਆਧਾਰ ਵਾਲੀ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਵੀ ਇਹ ਐਲਾਨ ਕੀਤਾ ਗਿਆ ਹੈ ਕਿ ਉਹ ਆਗਾਮੀ ਦਿਨਾਂ ਵਿੱਚ ਭਾਜਪਾ ਆਗੂਆਂ ਦੇ ਵਿਰੋਧ ਦੀ ਰਣਨੀਤੀ ਤੈਅ ਕਰੇਗੀ।ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ‘ਬੀਜੇਪੀ ਨੂੰ ਸਜ਼ਾ ਦਿਓ’ ਦੇ ਨਾਅਰੇ ਹੇਠ ਭਾਜਪਾ ਉਮੀਦਵਾਰਾਂ ਦੇ ਵਿਰੋਧ ਦਾ ਸੱਦਾ ਦਿੱਤਾ ਗਿਆ ਹੈ।ਭਾਵੇਂ ਹਾਲੇ ਤੱਕ ਪੰਜਾਬ ਵਿੱਚ ਚੋਣ ਪ੍ਰਚਾਰ ਨੇ ਜ਼ੋਰ ਨਹੀਂ ਫੜਿਆ ਹੈ ਪਰ ਆਗਾਮੀ ਦਿਨਾਂ ਵਿੱਚ ਇਹ ਗੱਲ ਸਾਫ਼ ਹੋ ਜਾਵੇਗੀ ਕਿ ਕਿਸਾਨ ਸੰਗਠਨਾਂ ਦੇ ਸੱਦੇ ਦਾ ਕਿੰਨਾ ਅਸਰ ਹੋ ਰਿਹਾ ਹੈ।ਲੋਕ ਸਭਾ ਚੋਣਾਂ ਲਈ ਸ਼ੁਰੂ ਕੀਤੇ ਜਾਣ ਵਾਲੇ ਪ੍ਰਚਾਰ ਤੋਂ ਐਨ ਪਹਿਲਾਂ ਕਿਸਾਨ ਸੰਗਠਨਾਂ ਵੱਲੋਂ ਭਾਜਪਾ ਦਾ ਵਿਰੋਧ ਕੀਤੇ ਜਾਣ ਦੇ ਦਿੱਤੇ ਗਏ ਸੱਦੇ ਉਪਰ ਭਾਜਪਾ ਨੇ ਵੀ ਸਵਾਲ ਚੁੱਕਿਆ ਹੈ।-BBC

Spread the love