ਅਮਰੀਕਾ ਵਿਚੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ‘ਚੋਂ ਕੱਢਣ ਲਈ ਟਰੰਪ ਵੱਲੋਂ ਨਾਮਜ਼ਦ ਬਾਰਡਰ ਜ਼ਾਰ ਟੌਮ ਹੋਮਨ ਦੀ ਯੋਜਨਾ ਸਾਹਮਣੇ ਆਈ ਹੈ। ਇਸ ਯੋਜਨਾ ਤਹਿਤ ਬੱਚਿਆਂ ਸਣੇ ਪਰਵਾਰਾਂ ਨੂੰ ਫੜ ਕੇ ਡਿਟੈਨਸ਼ਨ ਸੈਂਟਰਾਂ ਵਿਚ ਰੱਖਿਆ ਜਾਵੇਗਾ ਅਤੇ ਕਾਗਜ਼ੀ ਕਾਰਵਾਈ ਮੁਕੰਮਲ ਕਰਦਿਆਂ ਸਾਰੇ ਜਣੇ ਸਬੰਧਤ ਮੁਲਕ ਵੱਲ ਰਵਾਨਾ ਕਰ ਦਿਤੇ ਜਾਣਗੇ। ਟੌਮ ਹੋਮਨ ਨੇ ਕਿਹਾ, ਅਸੀਂ ਅਮਰੀਕਾ ਵਾਸੀਆਂ ਨੂੰ ਦਿਖਾਵਾਂਗੇ ਕਿ ਵੱਡੇ ਪੱਧਰ ’ਤੇ ਲੋਕਾਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ ਅਤੇ ਇਸ ਵਿਚ ਕੁਝ ਵੀ ਮਨੁੱਖਤਾ ਵਿਰੁੱਧ ਨਹੀਂ ਹੈ।ਜੋਅ ਬਾਇਡਨ ਨੇ ਸੱਤਾ ਸੰਭਾਲਣ ਮਗਰੋਂ ਡਿਟੈਨਸ਼ਨ ਸੈਂਟਰ ਬੰਦ ਕਰਵਾ ਦਿਤੇ ਸਨ ਪਰ ਹੋਮਨ ਨੇ ਦਲੀਲ ਦਿਤੀ ਕਿ ਉਹ ਪਰਵਾਰਾਂ ਨੂੰ ਤੋੜਨ ਦਾ ਕੰਮ ਨਹੀਂ ਕਰਨਗੇ ਅਤੇ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਮੌਜੂਦ ਮਾਪਿਆਂ ਨੂੰ ਪੂਰਾ ਹੱਕ ਹੋਵੇਗਾ ਕਿ ਉਹ ਇਥੇ ਜੰਮੇ ਆਪਣੇ ਬੱਚੇ ਨਾਲ ਲਿਜਾ ਸਕਣ। ਅਮਰੀਕਾ ਵਿਚ 20 ਜਨਵਰੀ ਤੋਂ ਸੱਤਾ ਸੰਭਾਲ ਰਹੇ ਡੌਨਲਡ ਟਰੰਪ, ਬਾਇਡਨ ਸਰਕਾਰ ਦੀ ਇਕ ਹੋਰ ਯੋਜਨਾ ਖਤਮ ਕਰ ਰਹੇ ਹਨ ਅਤੇ ਅਮਰੀਕਾ ਵਿਚ ਪਨਾਹ ਮੰਗਣ ਵਾਲਿਆਂ ਨੂੰ ਮੁਲਕ ਦੀ ਸਰਹੱਦ ਤੋਂ ਬਾਹਰ ਰਹਿੰਦਿਆਂ ਹੀ ਅਦਾਲਤੀ ਫੈਸਲੇ ਦੀ ਉਡੀਕ ਕਰਨੀ ਹੋਵੇਗੀ। ਇਹ ਨੀਤੀ ਜੋਅ ਬਾਇਡਨ ਵੱਲੋਂ 2021 ਵਿਚ ਖਤਮ ਕਰ ਦਿਤੀ ਗਈ ਸੀ।
![](https://ontariopunjabinews.com/wp-content/uploads/2024/04/all-Insurance-lower.png)