ਇਜ਼ਰਾਈਲ ਤੇ ਹਮਾਸ ਦਰਮਿਆਨ ਬੰਧਕਾਂ ਦੀ ਰਿਹਾਈ ਦੇ ਸਮਝੌਤੇ ‘ਤੇ ਹੋ ਰਹੀ ਹੈ ਪ੍ਰਗਤੀ: ਨੇਤਨਯਾਹ
ਹਮਾਸ ਦੇ ਬੁਲਾਰੇ ਅਨੁਸਾਰ ਡੀਲ ਦੇ ਕਈ ਵੇਰਵਿਆਂ ‘ਤੇ ਕੰਮ ਜਾਰੀ
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਮੰਗਲਵਾਰ ਨੂੰ ਕਿਹਾ ਕਿ ਗਾਜ਼ਾ ਵਿਚ ਹਮਾਸ ਵੱਲੋਂ ਬੰਧੀ ਬਣਾਏ ਲੋਕਾਂ ਦੀ ਰਿਹਾਈ ਦੇ ਮੁੱਦੇ ‘ਤੇ ਪ੍ਰਗਤੀ ਹੋ ਰਹੀ ਹੈ।
ਨੇਤਨਯਾਹੂ ਨੇ ਕਿਹਾ, ਪ੍ਰਗਤੀ ਹੋ ਰਹੀ ਹੈ। ਮੈਨੂੰ ਨਹੀਂ ਲੱਗਦਾ ਕਿ ਇਸ ਸਮੇਂ ਬਹੁਤਾ ਕੁਝ ਕਹਿਣਾ ਠੀਕ ਹੈ। ਪਰ ਮੈਨੂੰ ਉਮੀਦ ਹੈ ਕਿ ਜਲਦੀ ਹੀ ਚੰਗੀ ਖ਼ਬਰ ਆਵੇਗੀ।
ਨੇਤਨਯਾਹੂ ਨੇ ਹੋਰ ਵੇਰਵੇ ਪ੍ਰਦਾਨ ਨਹੀਂ ਕੀਤੇ।
ਨੇਤਨਯਾਹੂ ਦੀ ਟਿੱਪਣੀ ਹਮਾਸ ਦੇ ਚੀਫ਼ ਵੱਲੋਂ ਰੋਏਟਰਜ਼ ਨੂੰ ਦਿੱਤੇ ਇੱਕ ਬਿਆਨ ਦੇ ਕੁਝ ਘੰਟਿਆਂ ਬਾਅਦ ਆਈ ਹੈ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਹਮਾਸ ਇਜ਼ਰਾਈਲ ਨਾਲ ਸੰਘਰਸ਼ ਵਿਰਾਮ ਦੇ ਸਮਝੌਤੇ ‘ਤੇ ਪਹੁੰਚਣ ਦੇ ਬਹੁਤ ਨੇੜੇ ਸੀ।
ਹਮਾਸ ਦੇ ਸਿਆਸੀ ਨੇਤਾ ਇਸਮਾਈਲ ਹਨੀਹ ਨੇ ਆਪਣੇ ਸਹਿਯੋਗੀ ਦੁਆਰਾ ਰੋਏਟਰਜ਼ ਨੂੰ ਭੇਜੇ ਇੱਕ ਬਿਆਨ ਵਿੱਚ ਕਿਹਾ ਕਿ ਹਮਾਸ ਨੇ ਕਤਰ ਦੇ ਵਿਚੋਲੇ ਨੂੰ ਆਪਣਾ ਰਿਸਪਾਂਸ ਦੇ ਦਿੱਤਾ ਹੈ।ਹਮਾਸ ਦੇ ਇੱਕ ਹੋਰ ਅਧਿਕਾਰੀ ਨੇ ਪਹਿਲਾਂ ਅਲ-ਜਜ਼ੀਰਾ ਟੀਵੀ ਨੂੰ ਦੱਸਿਆ ਸੀ ਕਿ ਗੱਲਬਾਤ ਯੁੱਧ ਵਿਰਾਮ ਦੀ ਮਿਆਦ, ਗਾਜ਼ਾ ਵਿੱਚ ਮਨੁੱਖਤਾਵਾਦੀ ਸਹਾਇਤਾ ਅਤੇ ਇਜ਼ਰਾਈਲੀ ਬੰਧਕਾਂ ਦੇ ਬਦਲੇ ਇਜ਼ਰਾਈਲ ਵਿਚ ਕੈਦ ਫ਼ਲਸਤੀਨੀ ਕੈਦੀਆਂ ਦੀ ਰਿਹਾਈ ‘ਤੇ ਕੇਂਦਰਤ ਸੀ।
7 ਅਕਤੂਬਰ ਨੂੰ ਹਮਾਸ ਨੇ ਇਜ਼ਰਾਈਲ ‘ਤੇ ਹਮਲਾ ਕਰ ਦਿੱਤਾ ਸੀ ਜਿਸ ਵਿਚ ਕਰੀਬ 1,200 ਲੋਕ ਮਾਰੇ ਗਏ ਸਨ ਅਤੇ ਕਰੀਬ 240 ਲੋਕਾਂ ਨੂੰ ਬੰਧੀ ਬਣਾ ਲਿਆ ਗਿਆ ਸੀ।
ਥੌਮਸਨ ਰੋਏਟਰਜ਼ – ਸੀਬੀਸੀ ਨਿਊਜ਼