ਕੋਲੰਬੀਆ ’ਵਰਸਿਟੀ ’ਚੋਂ ਫਲਸਤੀਨ ਪੱਖੀ ਪ੍ਰਦਰਸ਼ਨਕਾਰੀ ਜਬਰੀ ਹਟਾਏ

ਕੋਲੰਬੀਆ ਯੂਨੀਵਰਸਿਟੀ ’ਚ ਪ੍ਰਦਰਸ਼ਨ ਕਰ ਰਹੇ ਫਲਸਤੀਨ ਪੱਖੀ ਵਿਦਿਆਰਥੀਆਂ ਨੂੰ ਪੁਲੀਸ ਨੇ ਜਬਰੀ ਉਥੋਂ ਹਟਾ ਦਿੱਤਾ। ਪ੍ਰਦਰਸ਼ਨ ਕਾਰਨ ਯੂਨੀਵਰਸਿਟੀ ਦਾ ਕੰਮਕਾਰ ਠੱਪ ਹੋ ਕੇ ਰਹਿ ਗਿਆ ਸੀ। ਉਧਰ ਲਾਸ ਏਂਜਲਸ ’ਚ ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਵਿਖੇ ਇਜ਼ਰਾਈਲ ਪੱਖੀ ਅਤੇ ਫਲਸਤੀਨ ਪੱਖੀ ਪ੍ਰਦਰਸ਼ਨਕਾਰੀ ਆਪਸ ’ਚ ਭਿੜ ਗਏ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਦੋਵੇਂ ਗੁੱਟਾਂ ਨੂੰ ਵੱਖ ਕੀਤਾ।ਪਿਛਲੇ ਦੋ ਹਫ਼ਤਿਆਂ ਤੋਂ ਅਮਰੀਕਾ ਦੇ ਯੂਨੀਵਰਸਿਟੀ ਕੈਂਪਸਾਂ ’ਚ ਪ੍ਰਦਰਸ਼ਨ ਕਾਰਨ ਪੁਲੀਸ ਨੂੰ ਦਖ਼ਲ ਦੇਣਾ ਪਿਆ ਹੈ। ਪੁਲੀਸ ਨੇ ਇਕ ਹਜ਼ਾਰ ਤੋਂ ਵਧ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਯੂਨੀਵਰਸਿਟੀ ਅਧਿਕਾਰੀਆਂ ਅਤੇ ਪ੍ਰਦਰਸ਼ਨਕਾਰੀਆਂ ਦੇ ਆਗੂਆਂ ਨੇ ਕੈਂਪਸਾਂ ’ਚ ਅੜਿੱਕੇ ਡਾਹੁਣ ਤੋਂ ਰੋਕਣ ਲਈ ਸਮਝੌਤੇ ਕੀਤੇ ਹਨ। ਪੁਲੀਸ ਨੇ ਕੈਂਪਸ ’ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਪੁਲੀਸ ਤਰਜਮਾਨ ਨੇ ਦੱਸਿਆ ਕਿ ਮੈਦਾਨ ’ਤੇ ਪ੍ਰਦਰਸ਼ਨਕਾਰੀਆਂ ਵੱਲੋਂ ਲਾਏ ਗਏ ਤੰਬੂਆਂ ਨੂੰ ਹਟਾ ਦਿੱਤਾ ਗਿਆ ਜਦਕਿ ਹੈਮਿਲਟਨ ਹਾਲ ਖਾਲੀ ਕਰਾਉਣ ਲਈ ਅਧਿਕਾਰੀਆਂ ਨੂੰ ਇਮਾਰਤ ਦੀ ਦੂਜੀ ਮੰਜ਼ਿਲ ’ਤੇ ਪੌੜੀਆਂ ਸਹਾਰੇ ਖਿੜਕੀ ਰਾਹੀਂ ਅੰਦਰ ਦਾਖ਼ਲ ਹੋਣਾ ਪਿਆ। ਪ੍ਰਦਰਸ਼ਨਕਾਰੀਆਂ ਨੇ ਆਈਵੀ ਲੀਗ ਯੂਨੀਵਰਸਿਟੀ ਨੂੰ ਇਜ਼ਰਾਈਲ ਜਾਂ ਗਾਜ਼ਾ ’ਚ ਜੰਗ ਦੀ ਹਮਾਇਤ ਕਰਨ ਵਾਲੀਆਂ ਕੰਪਨੀਆਂ ਨਾਲ ਵਪਾਰ ਬੰਦ ਕਰਨ ਦਾ ਸੱਦਾ ਦਿੰਦਿਆਂ ਕਰੀਬ 20 ਘੰਟੇ ਪਹਿਲਾਂ ਹਾਲ ’ਤੇ ਕਬਜਾ ਕਰ ਲਿਆ ਸੀ।

Spread the love