ਕੀਨੀਆ ‘ਚ ਅਡਾਨੀ ਸਮੂਹ ਵਿਰੁਧ ਪ੍ਰਦਰਸ਼ਨ, ਮੁੱਖ ਹਵਾਈ ਅੱਡੇ ’ਤੇ ਉਡਾਣਾਂ ਮੁਅੱਤਲ

ਭਾਰਤੀ ਉਦਯੋਗਪਤੀ ਗੌਤਮ ਅਡਾਨੀ ਦੀ ਅਗਵਾਈ ਵਾਲੇ ਅਡਾਨੀ ਸਮੂਹ ਨਾਲ ਕੀਨੀਆ ਸਰਕਾਰ ਦੇ ਪ੍ਰਸਤਾਵਿਤ ਸੌਦੇ ਦੇ ਵਿਰੁਧ ਸੈਂਕੜੇ ਮੁਲਾਜ਼ਮਾਂ ਨੇ ਬੁਧਵਾਰ ਨੂੰ ਦੇਸ਼ ਦੇ ਮੁੱਖ ਹਵਾਈ ਅੱਡੇ ’ਤੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਕਾਰਨ ਉਡਾਣਾਂ ਦਾ ਸੰਚਾਲਨ ਰੋਕ ਦਿਤਾ ਗਿਆ ਸੀ ਅਤੇ ਸੈਂਕੜੇ ਮੁਸਾਫ਼ਰ ਹਵਾਈ ਅੱਡੇ ’ਤੇ ਫਸੇ ਰਹੇ। ਸਰਕਾਰ ਨੇ ਕਿਹਾ ਕਿ ਜੋਮੋ ਕੀਨੀਆਟਾ ਕੌਮਾਂਤਰੀ ਹਵਾਈ ਅੱਡੇ ਦਾ ਆਧੁਨਿਕੀਕਰਨ ਕੀਤਾ ਜਾਵੇਗਾ ਅਤੇ ਅਡਾਨੀ ਸਮੂਹ ਨਾਲ ਨਿਰਮਾਣ ਅਤੇ ਸੰਚਾਲਨ ਸਮਝੌਤੇ ਤਹਿਤ ਇਕ ਵਾਧੂ ਰਨਵੇ ਅਤੇ ਟਰਮੀਨਲ ਦਾ ਨਿਰਮਾਣ ਕੀਤਾ ਜਾਵੇਗਾ। ਸਮਝੌਤੇ ਦੇ ਤਹਿਤ, ਸਮੂਹ 30 ਸਾਲਾਂ ਲਈ ਹਵਾਈ ਅੱਡੇ ਦਾ ਸੰਚਾਲਨ ਕਰੇਗਾ। ‘ਕੀਨੀਆ ਏਅਰਪੋਰਟ ਵਰਕਰਜ਼ ਯੂਨੀਅਨ’ ਨੇ ਹੜਤਾਲ ਦਾ ਐਲਾਨ ਕਰਦਿਆਂ ਦੋਸ਼ ਲਾਇਆ ਕਿ ਇਸ ਸਮਝੌਤੇ ਨਾਲ ਨੌਕਰੀਆਂ ਦਾ ਨੁਕਸਾਨ ਹੋਵੇਗਾ ਅਤੇ ਨੌਕਰੀ ਛੱਡਣ ਵਾਲਿਆਂ ’ਤੇ ‘ਸੇਵਾ ਦੀਆਂ ਬੇਹੱਦ ਖ਼ਰਾਬ ਨਿਯਮ ਅਤੇ ਸ਼ਰਤਾਂ’ ਲਾਗੂ ਹੋਣਗੀਆਂ। ਨੈਰੋਬੀ ਵਿਚ ਕੰਮ ਕਰ ਰਹੀ ਏਅਰਲਾਈਨ ਕੀਨੀਆ ਏਅਰਵੇਜ਼ ਨੇ ਬੁਧਵਾਰ ਨੂੰ ਐਲਾਨ ਕੀਤਾ ਕਿ ਹਵਾਈ ਅੱਡੇ ’ਤੇ ਚੱਲ ਰਹੀ ਹੜਤਾਲ ਕਾਰਨ ਉਡਾਣਾਂ ਦੇ ਸੰਚਾਲਨ ਵਿਚ ਦੇਰੀ ਹੋਵੇਗੀ ਅਤੇ ਸੰਭਵ ਤੌਰ ’ਤੇ ਉਡਾਨਾਂ ਨੂੰ ਰੱਦ ਕਰ ਦਿਤਾ ਜਾਵੇਗਾ।

Spread the love