ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਰਿਹਾਈ ਅਤੇ ਪਿਛਲੀਆਂ ਚੋਣਾਂ ਨੂੰ ਰੱਦ ਕਰਨ ਦੀ ਮੰਗ ਦੇ ਮਸਲੇ ਉੱਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਹਜ਼ਾਰਾਂ ਵਰਕਰ ਮੰਗਲਵਾਰ ਨੂੰ ਇਸਲਾਮਾਬਾਦ ਪਹੁੰਚ ਗਏ ਸਨ।ਇਸ ਮੁਜ਼ਾਹਰੇ ਖ਼ਿਲਾਫ਼ ਹੋਈ ਪੁਲਿਸ ਅਤੇ ਪਾਕਿਸਤਾਨ ਰੇਂਜਰਜ਼ ਦੀ ਕਾਰਵਾਈ ਦੌਰਾਨ ਕਰੀਬ 500 ਮੁਜ਼ਾਹਰਾਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।ਇਸ ਵਿਰੋਧ ‘ਚ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਵੀ ਹਿੱਸਾ ਲੈ ਰਹੇ ਹਨ। ਬੁਸ਼ਰਾ ਬੀਬੀ ਹਾਲੇ ਪਿਛਲੇ ਮਹੀਨੇ ਹੀ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆਏ ਹਨ।ਪਹਿਲੀ ਵਾਰ ਹੈ ਜਦੋਂ ਬੁਸ਼ਰਾ ਬੀਬੀ ਕਿਸੇ ਅਜਿਹੇ ਸਿਆਸੀ ਪ੍ਰਦਰਸ਼ਨ ਵਿੱਚ ਹਿੱਸਾ ਲੈ ਰਹੇ ਹਨ।ਪ੍ਰਧਾਨ ਮੰਤਰੀ ਦੇ ਸਲਾਹਕਾਰ ਰਾਣਾ ਸਨਾਉੱਲ੍ਹਾ ਨੇ ਇਸਲਾਮਾਬਾਦ ਦੇ ਬਲੂ ਏਰੀਆ ਵਿੱਚ ਪੀਟੀਆਈ ਦੇ ਮੁਜ਼ਾਹਰਾਕਾਰੀਆਂ ਵਿਰੁੱਧ ਰੇਂਜਰਾਂ ਅਤੇ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੀ ਪੁਸ਼ਟੀ ਕੀਤੀ ਹੈ।
ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਐਕਸ ਅਕਾਉਂਟ ਤੋਂ ਉਨ੍ਹਾਂ ਦਾ ਬਿਆਨ ਜਾਰੀ ਕੀਤਾ ਗਿਆ ਹੈ।ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਲਿਖਿਆ, “ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਉਹ ਪਿੱਛੇ ਨਹੀਂ ਹਟਣਗੇ।”ਉਨ੍ਹਾਂ ਨੇ ਆਪਣੀ ਟੀਮ ਨੂੰ ‘ਆਖਰੀ ਗੇਂਦ ਤੱਕ ਲੜਨ’ ਦਾ ਸੁਨੇਹਾ ਦਿੱਤਾ ਹੈ।ਇਮਰਾਨ ਖਾਨ ਦੇ ਬਿਆਨ ‘ਚ ਕਿਹਾ ਗਿਆ ਹੈ, “ਫ਼ੌਜੀ ਅਦਾਲਤ ਵਿੱਚ ਮੁਕੱਦਮੇ ਦੀ ਧਮਕੀ ਦੇਣ ਵਾਲਿਆਂ ਲਈ ਮੇਰਾ ਸੰਦੇਸ਼ ਹੈ ਕਿ ਤੁਸੀਂ ਜੋ ਮਰਜ਼ੀ ਕਰੋ, ਮੈਂ ਪਿੱਛੇ ਨਹੀਂ ਹਟਾਂਗਾ।”