‘ਸਾਈਕੋ ਕਿਲਰ’ ਗ੍ਰਿਫਤਾਰ

ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ’ਚ ਔਰਤਾਂ ਦੀ ਲੜੀਵਾਰ ਹੱਤਿਆ ਦੇ ਦੋਸ਼ ’ਚ ਸ਼ੁਕਰਵਾਰ ਨੂੰ ਇਕ ‘ਸਾਈਕੋ ਕਿਲਰ’ ਨੂੰ ਗ੍ਰਿਫਤਾਰ ਕੀਤਾ ਗਿਆ। ਅਧਿਕਾਰੀਆਂ ਨੇ ਦਸਿਆ ਕਿ ਉਸ ਨੇ ਛੇ ਔਰਤਾਂ ਦੀ ਹੱਤਿਆ ਕਰਨ ਦੀ ਗੱਲ ਵੀ ਕਬੂਲ ਕਰ ਲਈ ਹੈ। ਬਰੇਲੀ ਦੇ ਸੀਨੀਅਰ ਪੁਲਿਸ ਸੁਪਰਡੈਂਟ (ਐੱਸ.ਐੱਸ.ਪੀ.) ਅਨੁਰਾਗ ਆਰੀਆ ਨੇ ਸ਼ੁਕਰਵਾਰ ਨੂੰ ਪੱਤਰਕਾਰਾਂ ਨੂੰ ਦਸਿਆ ਕਿ ਪੁਲਿਸ ਨੇ ਤਿੰਨ ਦਿਨ ਪਹਿਲਾਂ ਤਿੰਨ ਸਕੈਚ ਜਾਰੀ ਕੀਤੇ ਸਨ ਅਤੇ ਪੁਲਿਸ ਨੇ ਉਸ ਵਰਗੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਮੁਲਜ਼ਮ ਦੀ ਪਛਾਣ ਕੁਲਦੀਪ (35) ਵਜੋਂ ਹੋਈ ਹੈ, ਜੋ ਜ਼ਿਲ੍ਹੇ ਦੇ ਨਵਾਬਗੰਜ ਥਾਣਾ ਖੇਤਰ ਦੇ ਬਾਕਰਗੰਜ ਸਨੂਆ ਪਿੰਡ ਦਾ ਰਹਿਣ ਵਾਲਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਮੁੱਖ ਸ਼ਾਹੀ ਅਤੇ ਸ਼ੀਸ਼ਗੜ੍ਹ ਥਾਣਾ ਖੇਤਰਾਂ ’ਚ ਸਾਲ 2023 ਤੋਂ 2024 ਤਕ ਲਗਾਤਾਰ ਸੁੰਨਸਾਨ ਥਾਵਾਂ ’ਤੇ ਛੇ ਦਰਮਿਆਨੀ ਉਮਰ ਦੀਆਂ ਔਰਤਾਂ ਦਾ ਗਲਾ ਘੁੱਟ ਕੇ ਕਤਲ ਕਰਨ ਦੀਆਂ ਘਟਨਾਵਾਂ ਵਾਪਰੀਆਂ।
ਅਧਿਕਾਰੀ ਨੇ ਦਸਿਆ ਕਿ ਇਨ੍ਹਾਂ ਘਟਨਾਵਾਂ ਦੇ ਸਬੰਧ ’ਚ ਸ਼ਾਹੀ ਅਤੇ ਸ਼ੀਸ਼ਗੜ੍ਹ ਥਾਣੇ ’ਚ ਕਤਲ ਦੇ ਮਾਮਲੇ ਦਰਜ ਕੀਤੇ ਗਏ ਹਨ। ਉਨ੍ਹਾਂ ਦਸਿਆ ਕਿ ਮੁਲਜ਼ਮਾਂ ਨੂੰ ਫੜਨ ਲਈ ‘ਆਪਰੇਸ਼ਨ ਤਲਾਸ਼’ ਮੁਹਿੰਮ ਚਲਾਈ ਗਈ ਸੀ ਅਤੇ ਜ਼ਿਲ੍ਹੇ ਦੇ ਹੁਨਰਮੰਦ ਪੁਲਿਸ ਮੁਲਾਜ਼ਮਾਂ ਨੂੰ ਸ਼ਾਰਟਲਿਸਟ ਕਰ ਕੇ ਕੁਲ 22 ਟੀਮਾਂ ਬਣਾਈਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਮੁਹਿੰਮ ਦੌਰਾਨ 25 ਕਿਲੋਮੀਟਰ ਦੇ 1500 ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਸਕੈਨ ਕੀਤੀ ਗਈ ਅਤੇ 600 ਨਵੇਂ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ। ਅਧਿਕਾਰੀ ਨੇ ਦਸਿਆ ਕਿ ਮੁਲਜ਼ਮ ਨੇ ਪਹਿਲਾਂ ਔਰਤ ਨੂੰ ਉਸ ਨਾਲ ਸਰੀਰਕ ਸਬੰਧ ਬਣਾਉਣ ਲਈ ਕਿਹਾ ਅਤੇ ਜਦੋਂ ਉਸ ਨੇ ਇਨਕਾਰ ਕਰ ਦਿਤਾ ਤਾਂ ਉਸ ਨੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿਤਾ।ਉਨ੍ਹਾਂ ਕਿਹਾ ਕਿ ਸਾਰੀਆਂ ਘਟਨਾਵਾਂ ਸ਼ਾਹੀ ਅਤੇ ਸ਼ੀਸ਼ਗੜ੍ਹ ਇਲਾਕਿਆਂ ’ਚ ਵਾਪਰੀਆਂ।

Spread the love